ਸੰਗਰੂਰ, 3 ਅਕਤੂਬਰ:- ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਸੰਗਰੂਰ ਵਿਖੇ ‘ਸਰਸ ਮੇਲਾ-2026’ ਕਰਵਾਇਆ ਜਾ ਰਿਹਾ ਹੈ। ਇਹ ਮੇਲਾ 9 ਅਕਤੂਬਰ ਤੋਂ 20 ਅਕਤੂਬਰ 2026 ਤੱਕ ਕੈਰੋਂ ਫੈਕਟਰੀ ਗਰਾਊਂਡ, ਪਟਿਆਲਾ ਬਾਈਪਾਸ (ਯਾਦਵਿੰਦਰਾ ਹੋਟਲ ਦੇ ਸਾਹਮਣੇ) ਵਿਖੇ ਲੱਗੇਗਾ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਮੇਲੇ ਦਾ ਮੁੱਖ ਉਦੇਸ਼ ਪੇਂਡੂ ਦਸਤਕਾਰਾਂ, ਕਾਰੀਗਰਾਂ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਆਪਣੇ ਹੱਥੀਂ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਲਈ ਉਚਿਤ ਮੰਚ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਾਰੀਗਰਾਂ ਵੱਲੋਂ ਹਸਤਕਲਾ ਅਤੇ ਰਵਾਇਤੀ ਵਸਤੂਆਂ ਦੀ ਪ੍ਰਦਰਸ਼ਨੀ ਤੇ ਵਿਕਰੀ ਲਈ ਵਿਸ਼ੇਸ਼ ਸਟਾਲ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਮੇਲੇ ਨੂੰ ਪਰਿਵਾਰਾਂ ਅਤੇ ਬੱਚਿਆਂ ਲਈ ਖਿੱਚ ਦਾ ਕੇਂਦਰ ਬਣਾਉਣ ਵਾਸਤੇ ਜਲਪਰੀ ਸ਼ੋਅ, ਵੱਖ-ਵੱਖ ਰਵਾਇਤੀ ਤੇ ਆਧੁਨਿਕ ਝੂਲੇ, ਫਨ ਗੇਮਜ਼ ਅਤੇ ਕਾਰ ਸਰਕਸ ਸਮੇਤ ਮਨੋਰੰਜਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਸੁਆਦੀ ਪਕਵਾਨਾਂ ਦੇ ਫੂਡ ਸਟਾਲ ਅਤੇ ਆਕਰਸ਼ਕ ਸੈਲਫੀ ਪੁਆਇੰਟ ਵੀ ਮੇਲੇ ਦਾ ਹਿੱਸਾ ਹੋਣਗੇ।

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਖਚੈਨ ਸਿੰਘ ਨੇ ਦੱਸਿਆ ਕਿ ਮੇਲੇ ਦੌਰਾਨ ਹਰ ਸ਼ਾਮ ਪੰਜਾਬ ਦੇ ਨਾਮਵਰ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ, ਜਿਸ ਨਾਲ ਮੇਲੇ ਦੀ ਰੌਣਕ ਹੋਰ ਵਧੇਗੀ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ‘ਸਰਸ ਮੇਲਾ-ਸੰਗਰੂਰ 2026’ ਵਿੱਚ ਪਹੁੰਚਣ ਅਤੇ ਪੇਂਡੂ ਦਸਤਕਾਰਾਂ, ਕਾਰੀਗਰਾਂ ਅਤੇ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਖਰੀਦਦਾਰੀ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨ।