ਸੰਗਰੂਰ:- ਜ਼ਿਲ੍ਹਾ ਪੁਲਿਸ ਸੰਗਰੂਰ ਨੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਕਤਲ, ਇਰਾਦਾ ਕਤਲ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਦੇਸੀ ਪਿਸਤੌਲ, ਇੱਕ 12 ਬੋਰ ਰਾਈਫਲ, 9 ਜਿੰਦਾ ਰੌਂਦ, ਇੱਕ ਖਪਰਾ ਅਤੇ 4 ਲੋਹੇ ਦੇ ਪਾਈਪ ਬਰਾਮਦ ਕੀਤੇ ਹਨ।
ਐੱਸ.ਐੱਸ.ਪੀ. ਸੰਗਰੂਰ **ਡਾ. ਰਵਜੋਤ ਗਰੇਵਾਲ (ਆਈ.ਪੀ.ਐੱਸ.)** ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਲੌਂਗੋਵਾਲ ਦੇ ਇਲਾਕੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ 2 ਦੇਸੀ ਪਿਸਤੌਲ .32 ਬੋਰ ਸਮੇਤ 4 ਜਿੰਦਾ ਰੌਂਦ, ਇੱਕ ਦੇਸੀ ਪਿਸਤੌਲ .315 ਬੋਰ ਸਮੇਤ 2 ਜਿੰਦਾ ਰੌਂਦ, ਇੱਕ ਦੇਸੀ ਪਿਸਤੌਲ .30 ਬੋਰ, ਇੱਕ 12 ਬੋਰ ਰਾਈਫਲ ਸਮੇਤ 3 ਜਿੰਦਾ ਰੌਂਦ, ਇੱਕ ਖਪਰਾ ਅਤੇ 4 ਲੋਹੇ ਦੇ ਪਾਈਪ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) **ਦਵਿੰਦਰ ਅੱਤਰੀ** ਦੀ ਨਿਗਰਾਨੀ ਹੇਠ ਸੀ.ਆਈ.ਏ. ਸੰਗਰੂਰ ਦੇ ਇੰਚਾਰਜ ਇੰਸਪੈਕਟਰ **ਸੰਦੀਪ ਸਿੰਘ** ਦੀ ਟੀਮ ਨੂੰ 23 ਜੂਨ 2026 ਨੂੰ ਇੱਕ ਮੁਖ਼ਬਰ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਕੁਲਜੀਤ ਸਿੰਘ ਉਰਫ਼ ਟੁੱਲੂ, ਮਨਜਿੰਦਰ ਸਿੰਘ ਉਰਫ਼ ਮਨੀ, ਹਰਪ੍ਰੀਤ ਸਿੰਘ ਉਰਫ਼ ਅਨਮੋਲ, ਸ਼ਾਹਿਲ ਉਰਫ਼ ਨੇਪਾਲੀ ਅਤੇ ਪ੍ਰਭਜੋਤ ਸਿੰਘ ਉਰਫ਼ ਪ੍ਰਭ ਲੜਾਈ-ਝਗੜੇ, ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ ਅਤੇ ਉਨ੍ਹਾਂ ਕੋਲ ਨਾਜਾਇਜ਼ ਅਸਲਾ ਅਤੇ ਹੋਰ ਮਾਰੂ ਹਥਿਆਰ ਵੀ ਮੌਜੂਦ ਹਨ।
ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ਥਾਣਾ ਲੌਂਗੋਵਾਲ ਵਿਖੇ ਮੁਕੱਦਮਾ ਨੰਬਰ 103 ਮਿਤੀ 23 ਜੂਨ 2026 ਅਧੀਨ ਧਾਰਾ 310(4), 310(5) ਬੀ.ਐੱਨ.ਐੱਸ. ਅਤੇ 25/54/59 ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਜਾਂਚ ਦੌਰਾਨ ਪੁਲਿਸ ਨੇ ਪਿੰਡ ਬਡਰੱਖਾਂ ਨੇੜੇ ਡਰੇਨ ਦੀ ਪਟੜੀ 'ਤੇ ਬੇਆਬਾਦ ਥਾਂ 'ਤੇ ਛਾਪੇਮਾਰੀ ਕਰਕੇ ਕੁਲਜੀਤ ਸਿੰਘ ਉਰਫ਼ ਟੁੱਲੂ, ਮਨਜਿੰਦਰ ਸਿੰਘ ਉਰਫ਼ ਮਨੀ, ਹਰਪ੍ਰੀਤ ਸਿੰਘ ਉਰਫ਼ ਅਨਮੋਲ, ਸ਼ਾਹਿਲ ਉਰਫ਼ ਨੇਪਾਲੀ ਅਤੇ ਪ੍ਰਭਜੋਤ ਸਿੰਘ ਉਰਫ਼ ਪ੍ਰਭ ਨੂੰ ਕਾਬੂ ਕਰ ਲਿਆ। ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਦੇਸੀ ਪਿਸਤੌਲ .32 ਬੋਰ ਸਮੇਤ 4 ਜਿੰਦਾ ਰੌਂਦ, ਇੱਕ ਦੇਸੀ ਪਿਸਤੌਲ .315 ਬੋਰ ਸਮੇਤ 2 ਜਿੰਦਾ ਰੌਂਦ, ਇੱਕ ਦੇਸੀ ਪਿਸਤੌਲ .30 ਬੋਰ, ਇੱਕ 12 ਬੋਰ ਰਾਈਫਲ ਸਮੇਤ 3 ਜਿੰਦਾ ਰੌਂਦ, ਇੱਕ ਖਪਰਾ ਅਤੇ 4 ਲੋਹੇ ਦੇ ਪਾਈਪ ਬਰਾਮਦ ਕੀਤੇ ਗਏ।
ਐੱਸ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਮੁੱਢਲੀ ਪੁੱਛਗਿੱਛ ਅਤੇ ਅਪਰਾਧਿਕ ਰਿਕਾਰਡ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੁਲਜੀਤ ਸਿੰਘ ਉਰਫ਼ ਟੁੱਲੂ, ਮਨਜਿੰਦਰ ਸਿੰਘ ਉਰਫ਼ ਮਨੀ, ਹਰਪ੍ਰੀਤ ਸਿੰਘ ਉਰਫ਼ ਅਨਮੋਲ ਅਤੇ ਸ਼ਾਹਿਲ ਉਰਫ਼ ਨੇਪਾਲੀ ਪਹਿਲਾਂ ਵੀ ਕਤਲ ਅਤੇ ਇਰਾਦਾ ਕਤਲ ਵਰਗੇ ਸੰਗੀਨ ਮਾਮਲਿਆਂ ਵਿੱਚ ਜ਼ਿਲ੍ਹਾ ਸੰਗਰੂਰ, ਮਾਨਸਾ, ਪਟਿਆਲਾ ਅਤੇ ਬਰਨਾਲਾ ਦੀ ਪੁਲਿਸ ਨੂੰ ਲੋੜੀਂਦੇ ਸਨ।