ਗੜ੍ਹਸ਼ੰਕਰ:- ਗੜ੍ਹਸ਼ੰਕਰ ਸ਼ਹਿਰ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਪਿਛਲੇ ਕੁਝ ਸਮੇਂ ਦੌਰਾਨ ਲਗਭਗ 100 ਤੋਂ ਵੱਧ ਦੁਕਾਨਾਂ ਚੋਰਾਂ ਦੇ ਨਿਸ਼ਾਨੇ 'ਤੇ ਆ ਚੁੱਕੀਆਂ ਹਨ। ਕਦੇ ਮੈਡੀਕਲ ਸਟੋਰਾਂ ਦੇ ਸ਼ਟਰ ਤੋੜ ਕੇ ਨਕਦੀ ਚੋਰੀ ਕੀਤੀ ਜਾਂਦੀ ਹੈ, ਕਦੇ ਏ.ਸੀ. ਦੇ ਤਾਂਬੇ ਦੇ ਪਾਈਪ ਉਤਾਰ ਲਏ ਜਾਂਦੇ ਹਨ ਅਤੇ ਕਦੇ ਹੋਰ ਦੁਕਾਨਾਂ ਵਿੱਚ ਸੰਨ੍ਹ ਲਾ ਕੇ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਜਾਂਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਤੋਂ ਬਾਅਦ ਇੱਕ ਚੋਰੀ ਦੀਆਂ ਘਟਨਾਵਾਂ ਦੇ ਬਾਵਜੂਦ ਚੋਰ ਬੇਖੌਫ਼ ਘੁੰਮ ਰਹੇ ਹਨ, ਜਦਕਿ ਦੁਕਾਨਦਾਰ ਡਰ ਅਤੇ ਅਸੁਰੱਖਿਆ ਦੇ ਸਾਏ ਹੇਠ ਆਪਣਾ ਕਾਰੋਬਾਰ ਕਰਨ ਲਈ ਮਜਬੂਰ ਹਨ। ਹਰ ਰਾਤ ਵਪਾਰੀਆਂ ਨੂੰ ਇਹ ਫਿਕਰ ਸਤਾਉਂਦੀ ਹੈ ਕਿ ਸਵੇਰੇ ਉਨ੍ਹਾਂ ਦੀ ਦੁਕਾਨ ਸਹੀ ਸਲਾਮਤ ਮਿਲੇਗੀ ਜਾਂ ਨਹੀਂ।
**ਚੋਰ ਹਰ ਰਾਤ ਸ਼ਟਰ ਤੋੜ ਰਹੇ ਹਨ... ਪਰ ਕਾਨੂੰਨ ਦਾ ਸ਼ਟਰ ਕਦੋਂ ਖੁੱਲੇਗਾ?
ਸਵਾਲ ਇਹ ਵੀ ਹੈ ਕਿ ਜਦੋਂ ਵਾਰ-ਵਾਰ ਇੱਕੋ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ ਤਾਂ ਚੋਰਾਂ ਵਿੱਚ ਕਾਨੂੰਨ ਦਾ ਡਰ ਕਿਉਂ ਨਹੀਂ? ਕੀ ਰਾਤ ਦੀ ਪੁਲਿਸ ਗਸ਼ਤ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਈ ਹੈ? ਕੀ ਵਪਾਰੀਆਂ ਦੀ ਸੁਰੱਖਿਆ ਹੁਣ ਕਿਸੇ ਦੀ ਤਰਜੀਹ ਨਹੀਂ ਰਹੀ?
ਅੱਜ ਗੜ੍ਹਸ਼ੰਕਰ ਦਾ ਹਰ ਵਪਾਰੀ ਇਹੀ ਪੁੱਛ ਰਿਹਾ ਹੈ ਕਿ ਜੇ ਦੁਕਾਨਾਂ ਹੀ ਸੁਰੱਖਿਅਤ ਨਹੀਂ, ਤਾਂ ਮਿਹਨਤ ਦੀ ਕਮਾਈ ਕਿਵੇਂ ਸੁਰੱਖਿਅਤ ਰਹੇਗੀ? ਕੀ ਸਰਕਾਰ ਅਤੇ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਹੇ ਹਨ?
ਗੜ੍ਹਸ਼ੰਕਰ ਦੇ ਵਪਾਰੀ ਨਾ ਤਾਂ ਕੋਈ ਵਿਸ਼ੇਸ਼ ਸਹੂਲਤ ਮੰਗ ਰਹੇ ਹਨ ਅਤੇ ਨਾ ਹੀ ਕੋਈ ਅਹਿਸਾਨ। ਉਹ ਸਿਰਫ਼ ਆਪਣੀ ਜਾਨ-ਮਾਲ ਦੀ ਸੁਰੱਖਿਆ, ਨਿਰਵਿਘਨ ਬਿਜਲੀ ਸਪਲਾਈ ਅਤੇ ਇੱਕ ਅਜਿਹਾ ਮਾਹੌਲ ਚਾਹੁੰਦੇ ਹਨ ਜਿੱਥੇ ਉਹ ਬਿਨਾਂ ਡਰ ਅਤੇ ਰੁਕਾਵਟ ਦੇ ਆਪਣਾ ਕਾਰੋਬਾਰ ਕਰ ਸਕਣ।
ਇੱਕ ਪਾਸੇ ਲਗਾਤਾਰ ਚੋਰੀਆਂ ਕਾਰਨ ਵਪਾਰੀਆਂ ਦੀਆਂ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ, ਦੂਜੇ ਪਾਸੇ ਬਿਜਲੀ ਘਰ ਵਿੱਚ ਸਟਾਫ਼ ਦੀ ਘਾਟ ਅਤੇ ਲੰਬੇ ਬਿਜਲੀ ਕੱਟਾਂ ਨੇ ਦਿਨ ਦਾ ਕਾਰੋਬਾਰ ਵੀ ਪ੍ਰਭਾਵਿਤ ਕਰ ਦਿੱਤਾ ਹੈ। ਦਿਨ ਦੇ 10 ਤੋਂ 12 ਘੰਟਿਆਂ ਦੇ ਕਾਰੋਬਾਰੀ ਸਮੇਂ ਵਿੱਚ ਜੇ 5 ਤੋਂ 6 ਘੰਟੇ ਬਿਜਲੀ ਹੀ ਨਾ ਹੋਵੇ, ਤਾਂ ਵਪਾਰੀ ਕਾਰੋਬਾਰ ਕਰਨ ਜਾਂ ਜਨਰੇਟਰਾਂ 'ਤੇ ਹਜ਼ਾਰਾਂ ਰੁਪਏ ਖਰਚਣ? ਇਹ ਹਾਲਾਤ ਕਿਸੇ ਵੀ ਵਪਾਰ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਗੜ੍ਹਸ਼ੰਕਰ ਵਿੱਚ ਵੱਧ ਰਹੀਆਂ ਚੋਰੀਆਂ 'ਤੇ ਤੁਰੰਤ ਸਖ਼ਤ ਕਾਰਵਾਈ ਕਰੇ, ਰਾਤ ਸਮੇਂ ਪੁਲਿਸ ਗਸ਼ਤ ਵਧਾਏ, ਚੋਰੀ ਕਰਨ ਵਾਲੇ ਗਿਰੋਹਾਂ ਨੂੰ ਕਾਬੂ ਕਰੇ ਅਤੇ ਬਿਜਲੀ ਘਰ ਵਿੱਚ ਲੋੜੀਂਦਾ ਸਟਾਫ਼ ਤੁਰੰਤ ਤਾਇਨਾਤ ਕਰਕੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਏ।
