ਨਵੀਂ ਦਿੱਲੀ:- ਭਾਰਤੀ ਅਰਬਪਤੀ ਕਾਰੋਬਾਰੀ ਅਤੇ ਸਟੀਲ ਕਿੰਗ ਕਹਾਉਣ ਵਾਲੇ ਲਕਸ਼ਮੀ ਮਿੱਤਲ ਦੀ ਕੰਪਨੀ ਆਰਸੇਲਰਮਿੱਤਲ ਕ੍ਰਿਵੀ ਰਿਹ 'ਤੇ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 14 ਕਰਮਚਾਰੀ ਜ਼ਖ਼ਮੀ ਹੋ ਗਏ। ਹਮਲੇ ਵਿੱਚ ਮਿੱਤਲ ਦੀ ਕੰਪਨੀ ਦੇ ਪਲਾਂਟ ਦੇ ਕਈ ਅਹਿਮ ਪ੍ਰੋਡਕਸ਼ਨ ਨੂੰ ਨੁਕਸਾਨ ਪੁੱਜਿਆ ਹੈ, ਜਿਸ ਦੇ ਚੱਲਦਿਆਂ ਪਲਾਂਟ ਵਿੱਚ ਉਤਪਾਦਨ ਗਤੀਵਿਧੀਆਂ ਨੂੰ ਰੋਕਣਾ ਪਿਆ ਹੈ।
ਰਿਪੋਰਟਾਂ ਦੇ ਮੁਤਾਬਕ, ਇਹ ਹਮਲਾ ਯੂਕਰੇਨ ਦੇ ਕ੍ਰਿਵੀ ਰਿਹ ਸ਼ਹਿਰ ਵਿੱਚ ਸਥਿਤ ਦੇਸ਼ ਦੇ ਸਭ ਤੋਂ ਵੱਡੇ ਸਟੀਲ ਪਲਾਂਟ 'ਤੇ ਹੋਇਆ, ਜੋ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਜੱਦੀ ਸ਼ਹਿਰ ਵੀ ਹੈ। ਰੂਸ ਅਤੇ ਯੂਕਰੇਨ ਵਿਚਕਾਰ ਜਾਰੀ ਯੁੱਧ ਦੌਰਾਨ ਇਹ ਖੇਤਰ ਵਾਰ-ਵਾਰ ਹਮਲਿਆਂ ਦਾ ਨਿਸ਼ਾਨਾ ਬਣਦਾ ਰਿਹਾ ਹੈ, ਪਰ ਤਾਜ਼ਾ ਹਮਲਾ ਉਦਯੋਗਿਕ ਗਤੀਵਿਧੀਆਂ 'ਤੇ ਵੱਡਾ ਪ੍ਰਭਾਵ ਪਾਉਣ ਵਾਲਾ ਮੰਨਿਆ ਜਾ ਰਿਹਾ ਹੈ।
ਆਰਸੇਲਰਮਿੱਤਲ ਕ੍ਰਿਵੀ ਰਿਹ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮਿਜ਼ਾਈਲ ਹਮਲੇ ਕਾਰਨ ਬਿਜਲੀ ਉਤਪਾਦਨ ਅਤੇ ਬਲਾਸਟ ਫਰਨੇਸ ਆਪ੍ਰੇਸ਼ਨ ਨਾਲ ਜੁੜੀਆਂ ਪ੍ਰਮੁੱਖ ਫੈਸਿਲਿਟੀਜ਼ ਨੁਕਸਾਨੀਆਂ ਗਈਆਂ ਹਨ। ਕੰਪਨੀ ਦੇ ਅਨੁਸਾਰ, ਇਨ੍ਹਾਂ ਅਹਿਮ ਯੂਨਿਟਾਂ ਨੂੰ ਹੋਏ ਨੁਕਸਾਨ ਕਾਰਨ ਪ੍ਰੋਡਕਸ਼ਨ ਪ੍ਰੋਸੈਸਿਸ ਵਿੱਚ ਅੜਿੱਕਾ ਪਿਆ ਹੈ ਅਤੇ ਪਲਾਂਟ ਦਾ ਆਪ੍ਰੇਸ਼ਨ ਅੰਸ਼ਕ ਤੌਰ 'ਤੇ ਰੋਕਣਾ ਪਿਆ ਹੈ।
ਕੰਪਨੀ ਨੇ ਕਿਹਾ, "ਹਮਲੇ ਦੇ ਨਤੀਜੇ ਵਜੋਂ ਊਰਜਾ ਉਤਪਾਦਨ ਅਤੇ ਬਲਾਸਟ ਫਰਨੇਸ ਖੇਤਰ ਦੀਆਂ ਮੁੱਖ ਉਤਪਾਦਨ ਸਹੂਲਤਾਂ ਨੁਕਸਾਨੀਆਂ ਗਈਆਂ ਹਨ, ਜਿਸ ਕਾਰਨ ਪਲਾਂਟ ਦੀਆਂ ਉਤਪਾਦਨ ਪ੍ਰਕਿਰਿਆਵਾਂ ਅੰਸ਼ਕ ਤੌਰ 'ਤੇ ਠੱਪ ਹੋ ਗਈਆਂ ਹਨ।"

**ਵੱਡੇ ਪੱਧਰ 'ਤੇ ਡਰੋਨ ਹਮਲੇ ਜਾਰੀ
ਇਹ ਹਮਲਾਜਿਦੋਂ ਹੋਇਆ ਹੈ ਜਦੋਂ ਰੂਸ ਅਤੇ ਯੂਕਰੇਨ ਵਿਚਕਾਰ ਲੰਬੀ ਦੂਰੀ ਦੇ ਹਮਲੇ ਹੋਰ ਤੇਜ਼ ਹੋ ਗਏ ਹਨ। ਦੋਵੇਂ ਧਿਰਾਂ ਹਾਲ ਹੀ ਦੇ ਦਿਨਾਂ ਵਿੱਚ ਵੱਡੇ ਪੱਧਰ 'ਤੇ ਡਰੋਨ ਹਮਲੇ ਕਰ ਰਹੀਆਂ ਹਨ ਅਤੇ ਊਰਜਾ, ਉਦਯੋਗਿਕ ਅਤੇ ਫ਼ੌਜੀ ਇਨਫਰਾਸਟਰਕਚਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ।
ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੋਸ਼ ਲਾਇਆ ਕਿ ਰੂਸੀ ਸੈਨਾ ਲਗਾਤਾਰ ਨਾਗਰਿਕ ਅਤੇ ਉਦਯੋਗਿਕ ਢਾਂਚੇ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਰੂਸ ਨੇ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ 'ਤੇ 1,550 ਤੋਂ ਵੱਧ ਅਟੈਕ ਡਰੋਨ, ਲਗਭਗ 1,560 ਗਾਈਡਡ ਬੰਬ ਅਤੇ 62 ਮਿਜ਼ਾਈਲਾਂ ਦਾਗੀਆਂ ਹਨ।
ਦੂਜੇ ਪਾਸੇ, ਰਿਪੋਰਟਾਂ ਦੇ ਮੁਤਾਬਕ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਕ੍ਰਿਵੀ ਰਿਹ ਸਥਿਤ ਧਾਤੂਕਰਮ ਸੰਯੰਤਰ ਅਤੇ ਕੀਵ ਦੇ ਕੁਝ ਫ਼ੌਜੀ-ਉਦਯੋਗਿਕ ਅਦਾਰੇ ਉਸ ਦੇ ਨਿਸ਼ਾਨਿਆਂ ਵਿੱਚ ਸ਼ਾਮਲ ਸਨ। ਰੂਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਯੂਕਰੇਨ ਵੱਲੋਂ ਦਾਗੇ ਗਏ 822 ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਹੈ।