ਐਸ. ਏ. ਐਸ. ਨਗਰ, 5 ਸਤੰਬਰ- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਮੁਹਾਲੀ ਤੋਂ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਪਿੰਡ ਮਕੌੜਾ ਪੱਤਣ, ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ ਵਿਖੇ ਵੰਡੀ ਗਈ। ਇਸ ਰਾਹਤ ਸਮੱਗਰੀ ਦੇ ਵਾਹਨ ਅੱਜ ਸਵੇਰੇ ਮੁਹਾਲੀ ਤੋਂ ਪਿੰਡ ਮਕੌੜਾ ਪੱਤਣ ਲਈ ਰਵਾਨਾ ਹੋਏ ਸਨ। 
ਰਾਹਤ ਸਮੱਗਰੀ ਦੀ ਇਸ ਖੇਪ ਵਿੱਚ ਦਾਲ, ਆਟਾ, ਚਾਵਲ, ਦਵਾਈਆਂ, ਮਸਾਲੇ, ਮਿਲਕ ਪਾਊਡਰ, ਤੇਲ, ਘਿਓ, ਮੱਛਰਦਾਨੀਆਂ, ਤਰਪਾਲਾਂ, ਰਸ, ਬਿਸਕੁਟ, ਆਚਾਰ, ਫਰਨੈਲ ਅਤੇ ਓਡੋਮਾਸ ਅਤੇ ਚੀਨੀ ਸ਼ਾਮਲ ਹੈ।
ਇਸ ਮੌਕੇ ਗੱਲ ਕਰਦਿਆਂ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ ਵਸਦੇ ਪੰਜਾਬੀ ਭਰਾਵਾਂ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਦੇ ਲਈ ਵੱਡੇ ਪੱਧਰ ’ਤੇ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਅਤੇ ਇਸੇ ਲੜੀ ਤਹਿਤ ਉਨ੍ਹਾਂ ਵੱਲੋਂ ਆਪਣੇ ਸਹਿਯੋਗੀਆਂ ਰਾਹੀਂ ਇਕੱਠੀ ਕੀਤੀ ਗਈ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਰਾਹਤ ਸਮੱਗਰੀ ਤੋਂ ਇਲਾਵਾ ਉਹ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜ਼ਰੂਰਤ ਦੇ ਅਨੁਸਾਰ ਸਰਹੱਦੀ ਖੇਤਰਾਂ ਨਾਲ ਸੰਬੰਧਿਤ ਪਿੰਡਾਂ ਵਿੱਚ ਵੰਡਣ ਜਾਣਗੇ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੀ ਸਮਰੱਥਾ ਅਤੇ ਸੁਵਿਧਾ ਦੇ ਅਨੁਸਾਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਤੱਕ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ, ਤਾਂ ਕਿ ਇਹ ਲੋਕ ਮੁੜ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।
ਇਸ ਮੌਕੇ ਉਨ੍ਹਾਂ ਨਾਲ ਯੂਥ ਨੇਤਾ ਭੁਪਿੰਦਰ ਸਿੰਘ, ਨਸੀਬ ਸਿੰਘ ਸੰਧੂ, ਮੰਨਾ ਸੰਧੂ, ਕੁਲਬੀਰ ਸਿੰਘ, ਰਵਿੰਦਰ ਸਿੰਘ ਸ਼ਾਮਪੁਰ, ਸਤਨਾਮ ਸਿੰਘ ਭੰਗੂ, ਰਾਜੇਸ਼ ਕੁਮਾਰ, ਭਲਿੰਦਰ ਸਿੰਘ ਮਾਲ, ਦੇਵਇੰਦਰ ਸਿੰਘ ਹੰਸਪਾਲ ਅਤੇ ਨਵਵਿਕਾਸ ਸਿੰਘ ਵੀ ਹਾਜ਼ਰ ਸਨ।