ਨਵਾਂਸ਼ਹਿਰ, 29 ਸਤੰਬਰ:- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ. ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਇਸ ਮੌਕੇ ਤੇ ਉਨ੍ਹਾਂ ਦੀ ਯਾਦ ਵਿੱਚ ਸ਼ਮ੍ਹਾ ਰੌਸ਼ਨ ਕੀਤੀ।

ਇਸ ਮੌਕੇ ਤੇ ਉਨ੍ਹਾਂ ਨੇ ਕੇਂਦਰ ਵਿਖੇ ਦਾਖ਼ਲ ਮਰੀਜ਼ਾਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਸ. ਭਗਤ ਸਿੰਘ ਦਾ ਜਨਮ ਇੱਕ ਕ੍ਰਾਂਤੀਕਾਰੀ ਪਰਿਵਾਰ ਵਿੱਚ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907 ਨੂੰ ਚੱਕ ਨੰਬਰ 105, ਪਿੰਡ ਬੰਗਾ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਈ ਲੋਕਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਜਿਸ ਕਰਕੇ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ।

ਜਦੋਂ ਵੀ ਕਿਤੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਦੀ ਗੱਲ ਹੁੰਦੀ ਹੈ ਤਾਂ ਸ਼ਹੀਦ ਭਗਤ ਸਿੰਘ ਦਾ ਨਾਂ ਆਉਂਦਾ ਹੈ, ਜਿਸ ਨੂੰ ਬਚਪਨ ਤੋਂ ਹੀ ਆਜ਼ਾਦੀ ਦੀ ਲੜਾਈ ਲੜਨ ਦੀ ਚਾਹ ਦਿਲ ਵਿੱਚ ਉੱਠ ਪਈ ਸੀ। ਅੱਜ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੈ। ਉਸਦੇ ਵਾਰਸ ਅੱਜ ਜਗ੍ਹਾ-ਜਗ੍ਹਾ ਨਾਟਕ ਕਰਵਾ ਕੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰ ਰਹੇ ਹਨ। ਸ਼ਹੀਦ ਭਗਤ ਸਿੰਘ ਦਾ ਜਨਮ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਨਵਾਂ ਸ਼ਹਿਰ (ਪੰਜਾਬ) ਵਿੱਚ ਸਥਿਤ ਹੈ। ਸ਼ਹੀਦ ਭਗਤ ਸਿੰਘ ਭਾਰਤ ਦੇ ਇੱਕ ਪ੍ਰਮੁੱਖ ਆਜ਼ਾਦੀ ਘੁਲਾਟੀਏ ਸਨ। ਭਗਤ ਸਿੰਘ ਨੂੰ ਆਜ਼ਾਦੀ ਦੀ ਗੁੜਤੀ ਪਰਿਵਾਰ ਵਿੱਚੋਂ ਹੀ ਮਿਲੀ ਸੀ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਸ਼ਹੀਦ ਯੋਧਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਦੀ ਕੁਰਬਾਨੀ ਸਦਕਾ ਅਸੀਂ ਅੱਜ ਦੇਸ਼ ਵਿੱਚ ਆਜ਼ਾਦ ਰਹਿ ਰਹੇ ਹਾਂ। ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਨੌਜਵਾਨਾਂ ਨੂੰ ਉਨ੍ਹਾਂ ਵੱਲੋਂ ਮੋੜਿਆ ‘ਕਿਤਾਬ ਦਾ ਪੰਨਾ’ ਮੁੜ ਖੋਲ੍ਹਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਭ ਤੋਂ ਭਿਆਨਕ ਸਮੱਸਿਆ ਜੋ ਨਸ਼ਿਆਂ ਦੀ ਚੱਲ ਰਹੀ ਹੈ, ਇਸ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਲੋੜ ਹੈ। ਅਸੀਂ ਆਪਣੇ ਦੇਸ਼ ਲਈ ਤਾਂ ਹੀ ਕੁਰਬਾਨੀ ਦੇ ਸਕਦੇ ਹਾਂ ਜੇਕਰ ਸ਼ਹੀਦਾਂ ਦੀ ਸੋਚ ਨੂੰ ਆਪਣੇ ਅੰਦਰ ਜ਼ਿੰਦਾ ਰੱਖਿਆ ਜਾਵੇਗਾ। ਸੋ ਆਓ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਸ਼ਹਾਦਤ ਨੂੰ ਸਿੱਜਦਾ ਕਰੀਏ ਅਤੇ ਉਸ ਦੀ ਸੋਚ ਨੂੰ ਬਰਕਰਾਰ ਰੱਖੀਏ।

ਇਸ ਮੌਕੇ ਤੇ ਕਮਲਜੀਤ ਕੌਰ, ਮਨਜੀਤ ਸਿੰਘ, ਪਰਵੀਨ ਕੁਮਾਰੀ, ਦਿਨੇਸ਼ ਕੁਮਾਰ, ਪਰਵੇਸ਼ ਕੁਮਾਰ, ਕਮਲਾ ਰਾਣੀ, ਕੋਮਲਪ੍ਰੀਤ ਕੌਰ ਅਤੇ ਮਰੀਜ਼ ਹਾਜ਼ਰ ਸਨ।