ਗੜ੍ਹਸ਼ੰਕਰ, 4 ਜੁਲਾਈ:- ਰਾਜੂ ਬ੍ਰਦਰਜ਼ ਵੈੱਲਫੇਅਰ ਸੁਸਾਇਟੀ (ਯੂ.ਕੇ. ਐਂਡ ਪੰਜਾਬ) ਵੱਲੋਂ ਸਮਾਜ ਸੇਵਾ ਦੀ ਵਿਲੱਖਣ ਮਿਸਾਲ ਪੇਸ਼ ਕਰਦਿਆਂ ਸਮਾਜ ਸੇਵੀ ਭੁਪਿੰਦਰ ਰਾਣਾ ਦੇ ਜਨਮ ਦਿਨ ਮੌਕੇ ਨੇੜਲੇ ਪਿੰਡ ਰਾਮਗੜ੍ਹ ਝੁੰਗੀਆਂ ਦੀ ਵਸਨੀਕ ਗੁਰਵਿੰਦਰ ਕੌਰ ਨੂੰ ਵ੍ਹੀਲਚੇਅਰ ਭੇਂਟ ਕੀਤੀ ਗਈ। ਗੁਰਵਿੰਦਰ ਕੌਰ ਇੱਕ ਸੜਕ ਹਾਦਸੇ ਕਾਰਨ ਚੱਲਣ-ਫਿਰਣ ਤੋਂ ਅਸਮਰੱਥ ਹਨ।
ਇਸ ਮੌਕੇ ਸੁਸਾਇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸੰਸਥਾ ਵੱਲੋਂ ਪਹਿਲਾਂ ਵੀ ਹਜ਼ਾਰਾਂ ਲੋੜਵੰਦ ਵਿਅਕਤੀਆਂ ਨੂੰ ਟ੍ਰਾਈਸਾਈਕਲਾਂ ਅਤੇ ਵ੍ਹੀਲਚੇਅਰਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਹੈਪੀ ਸਾਧੋਵਾਲ ਨੇ ਕਿਹਾ ਕਿ ਸੁਸਾਇਟੀ ਲਗਾਤਾਰ ਹਜ਼ਾਰਾਂ ਲੋੜਵੰਦਾਂ ਦੀ ਮਦਦ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਹ ਸੇਵਾ ਜਾਰੀ ਰਹੇਗੀ।
ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਉਹ ਜਨਮ ਦਿਨ ਕੇਕ ਕੱਟ ਕੇ ਮਨਾਉਣ ਦੀ ਬਜਾਏ ਲੋੜਵੰਦਾਂ ਦੀ ਸਹਾਇਤਾ ਕਰਕੇ ਮਨਾਉਣ ਨੂੰ ਤਰਜੀਹ ਦਿੰਦੇ ਹਨ, ਜੋ ਸਮਾਜ ਲਈ ਇੱਕ ਪ੍ਰੇਰਨਾਦਾਇਕ ਸੰਦੇਸ਼ ਹੈ।
ਡਾ. ਲੱਖਵਿੰਦਰ ਲੱਕੀ ਨੇ ਦੱਸਿਆ ਕਿ ਡਾ. ਅਮਰਜੀਤ ਰਾਜੂ ਲਗਾਤਾਰ ਦਿਵਿਆਂਗ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਕੰਮ ਕਰ ਰਹੇ ਹਨ ਅਤੇ ਜਲਦ ਹੀ ਇੱਕ ਵਿਸ਼ਾਲ ਮੈਗਾ ਸਹਾਇਤਾ ਕੈਂਪ ਵੀ ਲਗਾਇਆ ਜਾਵੇਗਾ।
ਆਪਣੇ ਜਨਮ ਦਿਨ ਮੌਕੇ ਭੁਪਿੰਦਰ ਰਾਣਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣਾ ਜਨਮ ਦਿਨ ਲੋੜਵੰਦਾਂ ਦੀ ਮਦਦ ਕਰਕੇ ਮਨਾਉਣਾ ਚਾਹੀਦਾ ਹੈ, ਜਿਸ ਨਾਲ ਸਮਾਜ ਵਿੱਚ ਸੇਵਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤੀ ਮਿਲਦੀ ਹੈ।
ਇਸ ਮੌਕੇ ਬੀਬੀ ਸੁਭਾਸ਼ ਮੱਟੂ, ਐੱਸ.ਬੀ.ਆਈ. ਬੈਂਕ ਸਮੁੰਦੜਾ ਦੇ ਮੈਨੇਜਰ ਜਸਵੀਰ ਸਿੰਘ, ਮਨਜੀਤ ਸਿੰਘ, ਕੁਨਾਲ, ਬੈਂਕ ਦੇ ਮੁਲਾਜ਼ਮ, ਤਰਕਸ਼ੀਲ ਆਗੂ ਡਾ. ਜੋਗਿੰਦਰ ਕੁਲੇਵਾਲ ਅਤੇ ਪ੍ਰਿੰਸੀਪਲ ਕਮਲਜੀਤ ਕੁਲੇਵਾਲ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।