ਅੰਬਾਲਾ, 15 ਅਕਤੂਬਰ (ਆਰ. ਸਿੰਘ):- ਅੰਬਾਲਾ ਤੋਂ ਲੋਕ ਸਭਾ ਮੈਂਬਰ ਵਰੁਣ ਚੌਧਰੀ ਨੇ ਰਾਹੁਲ ਗਾਂਧੀ ਅਤੇ ਦੀਪੇਂਦਰ ਹੁੱਡਾ ਦੀ ਵਾਇਰਲ ਵੀਡੀਓ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਦੀਪੇਂਦਰ ਹੁੱਡਾ ਨੂੰ ਧੱਕਾ ਨਹੀਂ ਦਿੱਤਾ, ਸਗੋਂ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਸੰਸਦ ਮੈਂਬਰ ਅੱਜ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਅੰਬਾਲਾ ਸ਼ਹਿਰ ਵਿੱਚ ਸਨ।

ਮੀਟਿੰਗ ਦੌਰਾਨ ਉਨ੍ਹਾਂ ਨੇ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਨੌਕਰਸ਼ਾਹੀ ਅਤੇ ਸੈਨੀਟੇਸ਼ਨ ਟੈਂਡਰਾਂ ਵਿੱਚ ਪਾਰਦਰਸ਼ਤਾ ਨੂੰ ਲੈ ਕੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਜਨਤਕ ਫੰਡਾਂ ਦੀ ਵਰਤੋਂ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਟੈਂਡਰ ਦਸਤਾਵੇਜ਼ ਜਨਤਕ ਕੀਤੇ ਜਾਣ ਦੇ ਬਾਵਜੂਦ ਉਪਲਬਧ ਨਾ ਕਰਵਾਏ ਜਾਣ ’ਤੇ ਬੇਨਿਯਮੀਆਂ ਦਾ ਸ਼ੱਕ ਪ੍ਰਗਟਾਇਆ ਅਤੇ ਦਸਤਾਵੇਜ਼ ਜਨਤਕ ਕਰਨ ਦੀ ਮੰਗ ਕੀਤੀ।

ਦਿੱਲੀ ਵਿੱਚ ਪ੍ਰਦਰਸ਼ਨਕਾਰੀਆਂ ਦੀ ਨਾਕਾਬੰਦੀ ਅਤੇ ਰਾਹੁਲ ਗਾਂਧੀ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਮੁੱਦੇ ’ਤੇ ਚੌਧਰੀ ਨੇ ਦੋਸ਼ ਲਾਇਆ ਕਿ ਭਾਜਪਾ ਲੋਕਤੰਤਰੀ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨਾ ਨਾਗਰਿਕਾਂ ਦਾ ਅਧਿਕਾਰ ਹੈ ਅਤੇ ਲੋਕਤੰਤਰ ਦੀ ਰੱਖਿਆ ਲਈ ਸੰਘਰਸ਼ ਜਾਰੀ ਰਹੇਗਾ।

ਵਰੁਣ ਚੌਧਰੀ ਨੇ ਅੱਜ ਰਾਏਪੁਰ ਰਾਣੀ ਅਤੇ ਨਰਾਇਣਗੜ੍ਹ ਦੀਆਂ ਮੰਡੀਆਂ ਦਾ ਦੌਰਾ ਵੀ ਕੀਤਾ। ਭਾਜਪਾ ਸਰਕਾਰ ਦੀ ਝੋਨਾ ਖਰੀਦ ਨੀਤੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਦਾਣਾ-ਦਾਣਾ ਖਰੀਦਣ ਦਾ ਦਾਅਵਾ ਕਰਨ ਵਾਲੀ ਭਾਜਪਾ ਸਰਕਾਰ ਝੋਨੇ ਦੀ ਖਰੀਦ ਦਾਣਾ-ਦਾਣਾ ਕਰਕੇ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਦੇ ਹਰੇਕ ਜ਼ਿਲ੍ਹੇ ਲਈ ਏਸੀ ਕਮਰਿਆਂ ਵਿੱਚ ਬੈਠ ਕੇ ਪ੍ਰਤੀ ਏਕੜ ਖਰੀਦ ਦੀ ਹੱਦ ਤੈਅ ਕਰ ਦਿੱਤੀ ਗਈ ਹੈ। ਕਿਸਾਨਾਂ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਇਹ ਹੱਦ ਨਹੀਂ ਹਟਾਈ ਗਈ। ਅੰਬਾਲਾ ਜ਼ਿਲ੍ਹੇ ਲਈ ਪ੍ਰਤੀ ਏਕੜ 26 ਕੁਇੰਟਲ 26 ਕਿਲੋਗ੍ਰਾਮ ਦੀ ਖਰੀਦ ਹੱਦ ਤੈਅ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਖੇਤੀਬਾੜੀ ਕੋਈ ਕਾਰਖਾਨਾ ਨਹੀਂ ਹੈ। ਜਿਸ ਕਿਸਾਨ ਦੀ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੋਵੇਗੀ, ਉਹ 20 ਕੁਇੰਟਲ ਅਤੇ ਜਿਸ ਦੀ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੋਵੇਗੀ, ਉਹ 28 ਕੁਇੰਟਲ ਝੋਨਾ ਮੰਡੀ ਵਿੱਚ ਲੈ ਕੇ ਆਵੇਗਾ। ਸਵਾਲ ਇਹ ਹੈ ਕਿ 26 ਕੁਇੰਟਲ ਤੋਂ ਵੱਧ ਪੈਦਾਵਾਰ ਹੋਣ ’ਤੇ ਕਿਸਾਨ ਆਪਣਾ ਝੋਨਾ ਕਿੱਥੇ ਲੈ ਕੇ ਜਾਵੇ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ 30 ਕੁਇੰਟਲ ਦੇ ਨਾਲ 10 ਫ਼ੀਸਦੀ ਵਾਧੂ ਹੱਦ ਸੀ, ਪਰ ਇਸ ਵਾਰ ਅਜਿਹਾ ਕੀ ਹੋ ਗਿਆ? ਉਨ੍ਹਾਂ ਮੰਗ ਕੀਤੀ ਕਿ ਲਗਾਈ ਗਈ ਸ਼ਰਤ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਜਿਸ ਅਧਿਕਾਰੀ ਨੇ ਅਜੇ ਤੱਕ ਪੋਰਟਲ ਦੀ ਤਸਦੀਕ ਨਹੀਂ ਕੀਤੀ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇ।