ਨਵਾਂਸ਼ਹਿਰ (ਦੇਸ ਰਾਜ ਬਾਲੀ):- ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ‘ਖੂਨਦਾਨ ਦਿਵਸ’ ਮਨਾਇਆ ਗਿਆ। ਇਸ ਸਮਾਗਮ ਦੌਰਾਨ ਖੂਨਦਾਨੀਆਂ, ਸਰੀਰ ਦਾਨ ਕਰਨ ਵਾਲਿਆਂ ਦੇ ਪਰਿਵਾਰਾਂ ਅਤੇ ਸਹਿਯੋਗੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬ ਅਤੇ ਚੰਡੀਗੜ੍ਹ ਦੇ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤੀ।

ਇਸ ਮੌਕੇ ਪਿੰਡ ਮੁਬਾਰਕਪੁਰ ਦੇ ਸਰਦਾਰ ਕੇਸਰ ਸਿੰਘ ਨੂੰ ਆਪਣੀ ਜੀਵਨ ਸਾਥਣ ਕੁਲਬੀਰ ਕੌਰ ਸਾਧੜਾ ਦਾ ਮਰਨ ਉਪਰੰਤ ਸਰੀਰ ਦਾਨ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸੈਕਟਰ-32, ਚੰਡੀਗੜ੍ਹ ਸਥਿਤ ਹਸਪਤਾਲ ਦੀ ਟੀਮ ਉਨ੍ਹਾਂ ਦੀ ਜੀਵਨ ਸਾਥਣ ਦੀ ਦੇਹ ਪੂਰੇ ਸਤਿਕਾਰ ਨਾਲ ਪਿੰਡ ਮੁਬਾਰਕਪੁਰ ਵਿਖੇ ਉਨ੍ਹਾਂ ਦੇ ਘਰੋਂ ਲੈ ਕੇ ਗਈ ਸੀ।

ਇਸ ਸਮਾਗਮ ਦੌਰਾਨ ਰਾਜਪਾਲ ਨੇ ਸਰੀਰ ਦਾਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਸਰੀਰ ਦਾਨ ਤੇ ਖੂਨਦਾਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ।

ਇਸ ਮੌਕੇ ਮਨਦੀਪ ਸਿੰਘ ਬਰਾੜ, ਡਾ. ਰਵਨੀਤ ਕੌਰ, ਡਾਇਰੈਕਟਰ ਅਤੇ ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ-32, ਚੰਡੀਗੜ੍ਹ, ਸਿਹਤ ਵਿਭਾਗ ਦੇ ਅਧਿਕਾਰੀ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।

ਰਾਜਪਾਲ ਵੱਲੋਂ ਪਿੰਡ ਮੁਬਾਰਕਪੁਰ ਦੇ ਕੇਸਰ ਸਿੰਘ ਸਾਧੜਾ ਨੂੰ ਸਨਮਾਨਿਤ ਕੀਤੇ ਜਾਣ ’ਤੇ ਪਿੰਡ ਵਾਸੀਆਂ, ਨੰਬਰਦਾਰ ਰਾਵਲ ਸਿੰਘ, ਜੋਗਾ ਸਿੰਘ ਸਾਧੜਾ, ਦੇਸ ਰਾਜ ਬਾਲੀ ਨੰਬਰਦਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਅਤੇ ਚਰਨਜੀਤ ਸਿੰਘ ਨੇ ਧੰਨਵਾਦ ਕੀਤਾ।