ਪਟਿਆਲਾ 21 ਮਾਰਚ:- ਬੀਤੇ ਦਿਨੀ ਇੱਥੇ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਵਲੋਂ ਤਨਖਾਹਾਂ ਅਤੇ ਪੈਨਸ਼ਨਰਾਂ 20 ਮਾਰਚ ਤੱਕ ਵੀ ਨਾ ਦਿੱਤੇ ਜਾਣ ਦੇ ਵਿਰੁੱਧ ਜਬਰਦਸਤ ਰੋਸ ਪ੍ਰਗਟ ਕਰਦਿਆਂ 800 ਤੋਂ ਵੱਧ ਇਕੱਠੇ ਹੋਏ ਵਰਕਰਾਂ ਨੇ ਰੈਲੀ ਵੀ ਕੀਤੀ ਅਤੇ ਇੱਕ ਘੰਟੇ ਤੱਕ ਰੋਸ ਮਾਰਚ ਦੀ ਸ਼ਕਲ ਵਿੱਚ ਅਕਾਸ਼ ਗੂੰਜਾਊ ਨਾਅਰਿਆਂ ਨਾਲ ਪੰਜਾਬ ਸਰਕਾਰ, ਖਜਾਨਾ ਮੰਤਰੀ ਅਤੇ ਪੀ.ਆਰ.ਟੀ.ਸੀ ਦੀ ਮੈਨੇਜਮੈਂਟ ਵਿਰੁੱਧ ਰੱਜਕੇ ਗੁੱਸਾ ਕੱਢਿਆ ਅਤੇ ਮੁੱਖ ਮੰਤਰੀ ਅਤੇ ਖਜਾਨਾ ਮੰਤਰੀ ਦੇ ਪੁੱਤਲੇ ਫੂਕੇ ਗਏ। ਅੱਜ ਦੀ ਇਸ ਰੈਲੀ, ਧਰਨਾ ਅਤੇ ਰੋਸ ਮਾਰਚ ਦੀ ਅਗਵਾਈ ਏਟਕ, ਇੰਟਕ, ਕਰਮਚਾਰੀ ਦਲ, ਐਸ.ਸੀ.ਬੀ.ਸੀ., ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾਂ ਯੂਨੀਅਨ ਏਟਕ ਦੇ ਪ੍ਰਮੁੱਖ ਨੁਮਾਇੰਦੇ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ, ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ, ਇੰਦਰਪਾਲ ਸਿੰਘ ਅਤੇ ਮੁਹੰਮਦ ਖਲੀਲ ਕਰ ਰਹੇ ਸਨ।
ਮੁਜਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਆਗਆਂ ਨੇ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਦੇ 10 ਹਜਾਰ ਤੋਂ ਵੱਧ ਮੌਜੂਦਾ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਤਨਖਾਹਾਂ ਅਤੇ ਪੈਨਸ਼ਰਨਾਂ ਸਮੇਂ ਸਿਰ ਦੇਣ ਵਿੱਚ ਬੁਰੀ ਤਰ੍ਹਾਂ ਫੇਲ ਅਤੇ ਨਾਕਾਮ ਸਾਬਤ ਹੋ ਰਹੇ ਹਨ ਜਾਂ ਉਹ ਇਨੇ ਗੈਰ ਸੰਜੀਦਾ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਇਹ ਵੀ ਅਹਿਸਾਸ ਨਹੀਂ ਕਿ ਕਰਮਚਾਰੀ ਜਿਨ੍ਹਾਂ ਦਾ ਰੋਟੀ ਰੋਜੀ ਦਾ ਸਾਧਨ ਹੀ ਨੌਕਰੀ ਬਦਲੇ ਮਿਲਦੀ ਤਨਖਾਹ—ਪੈਨਸ਼ਨ ਹੈ ਉਹ ਕਿਵੇਂ ਗੁਜਾਰਾ ਕਰਦੇ ਹੋਣਗੇ, ਕਿਵੇਂ ਬੱਚਿਆਂ ਦੀਆਂ ਫੀਸਾਂ, ਮਕਾਨ ਆਦਿ ਬਣਾਉਣ ਲਈ ਲਏ ਹੋਏ ਕਰਜਿਆਂ ਦੀਆਂ ਕਿਸ਼ਤਾਂ, ਰਸੋਈ ਲਈ ਖਾਣ—ਪੀਣ ਦੀਆਂ ਜਰੂਰੀ ਵਸਤਾਂ, ਬੀਮਾਰੀਆਂ ਲਈ ਦਵਾਈਆਂ ਅਤੇ ਹੋਰ ਸਮਾਜਿਕ ਜਿੰਮੇਵਾਰੀਆਂ ਕਿਵੇਂ ਪੂਰੀਆਂ ਕਰਦੇ ਹੋਣਗੇ। ਪੰਜਾਬ ਸਰਕਾਰ ਸਾਰੇ ਵਰਕਰਾ ਦੇ ਪੇਟ ਕੱਟਕੇ ਕਦੇ ਮੁਫ਼ਤ ਸਫਰ ਦੀਆਂ ਸਹੂਲਤਾਂ ਅਤੇ ਕਦੇ ਇੱਕ—ਇੱਕ ਹਜਾਰ ਔਰਤਾਂ ਨੂੰ ਦੇਣ ਦੇ ਵੋਟ ਵਟੋਰੂ ਐਲਾਨ ਕਰਦੀ ਹੈ। ਜਿਸਦਾ ਖਮਿਆਜਾ ਦਿਨ—ਰਾਤ ਮਿਹਨਤ ਕਰਦੇ ਕਰਮਚਾਰੀ ਭੁਗਤ ਰਹੇ ਹਨ। ਕਿਉਂਕਿ ਪੰਜਾਬ ਸਰਕਾਰ ਮੁਫ਼ਤ ਸਫਰ ਬਦਲੇ ਬਣਦੇ 600 ਕਰੜ ਤੋਂ ਵੱਧ ਦੀ ਰਕਮ ਦੱਬੀ ਬੈਠੀ ਜਿਸ ਵਿਚੋਂ ਤਨਖਾਹ—ਪੈਨਸ਼ਨ ਲਈ ਵੀ ਪੈਸਾ ਨਹੀਂ ਦਿੱਤਾ ਜਾ ਰਿਹਾ। ਬਜਟ ਵਿੱਚ ਬਣਦੀ ਰਕਮ ਤੋਂ ਅੱਧੀ ਰਕਮ ਵੀ ਨਹੀਂ ਰੱਖੀ ਗਈ। ਪੈਨਸ਼ਨ ਲਈ ਪਿਛਲੇ ਸਮੇਂ ਤੋਂ ਦਿੱਤੀ ਜਾਦੀ ਹਰ ਮਹੀਨੇ 6.5 ਕਰੋੜ ਰੁਪਏ ਦੀ ਗਰਾਂਟ ਬੰਦ ਕਰ ਦਿੱਤੀ। ਵਰਕਰਾਂ ਦੇ 125 ਕਰੋੜ ਰੁਪਏ ਦੇ ਤਰ੍ਹਾਂ—ਤਰ੍ਹਾਂ ਦੇ ਬਕਾਏ ਖੜੇ ਹਨ, ਸੇਵਾ ਮੁਕਤ ਕਰਮਚਾਰੀਆਂ ਦੇ ਸੇਵਾ ਮੁਕਤੀ ਲਾਭਾਂ ਦੇ ਪੈਸੇ 2 ਸਾਲ ਤੋਂ ਨਹੀਂ ਦਿੱਤੇ ਜਾ ਰਹੇ। ਬਜੁਰਗ ਸੇਵਾ ਮੁਕਤ ਪੈਨਸ਼ਨਰਾਂ ਦੇ ਇਲਾਜ ਦੇ ਪੈਸੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ। ਇਸ ਤੋਂ ਬਿਨਾਂ ਵਰਕਰਾਂ ਦੀਆਂ ਕਾਨੂੰਨੀ ਤੌਰ ਤੇ ਲਾਗੂ ਕਰਨ ਵਾਲੀਆਂ ਮੰਗਾਂ ਨੂੰ ਉੱਕਾ ਹੀ ਅਣਗੌਲਿਆ ਕਰਕੇ ਮੈਨੇਜਮੈਂਟ ਕਾਨੂੰਨਾਂ ਅਤੇ ਅਦਾਲਤਾਂ ਨੂੰ ਵੀ ਟਿੱਚ ਸਮਝ ਰਹੀ ਹੈ। ਸਰਕਾਰ ਪੀ.ਆਰ.ਟੀ.ਸੀ. ਦੀਆਂ ਆਪਣੀ ਮਲਕੀ ਦੀਆਂ ਬੱਸਾਂ ਨਹੀਂ ਪੈਣ ਦੇ ਰਹੀ। ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਪ੍ਰਾਈਵੇਟ ਬਸ ਮਾਫੀਏ ਦੀ ਪੁਸ਼ਤ ਪੁਨਾਹੀ ਕਰ ਰਹੀ ਹੈ। ਜਦ ਕਿ ਪੀ.ਆਰ.ਟੀ.ਸੀ. ਨੂੰ ਸਰਕਾਰ ਦੇ ਬੱਸਾਂ ਖਰੀਦਣ ਲਈ ਕੋਈ ਪੈਸਾ ਵੀ ਨਹੀਂ ਦੇਣਾ। ਕਿਲੋਮੀਟਰ ਸਕੀਮ ਅਧੀਨ 100—200 ਪ੍ਰਾਈਵੇਟ ਬੱਸਾਂ ਪਾਕੇ ਦਿਖਾਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਬੱਸਾਂ ਪਾ ਰਹੀ ਹੈ।
ਐਕਸ਼ਨ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਹੈ ਕਿ ਵਰਕਰਾਂ ਦਾ ਤੁਹਾਡੇ ਤੋਂ ਭਰੋਸਾ ਉਠਦਾ ਜਾ ਰਿਹਾ ਹੈ ਅੱਜ ਦਾ ਇਕੱਠ ਰੋੋਸ ਅਤੇ ਵਰਕਰਾਂ ਦਾ ਗੁੱਸਾ ਸਪਸ਼ਟ ਸੰਕੇਤ ਦੇ ਰਿਹਾ ਸੀ ਕਿ ਨੇੜ ਭਵਿੱਖ ਵਿੱਚ ਉਹ ਸਖਤ ਟਰੇਡ ਯੂਨੀਅਨ ਸੰਘਰਸ਼ਾਂ ਦੇ ਰਾਹ ਪੈਣ ਲਈ ਕਾਹਲੇ ਹਨ। ਅੱਜ ਇਹ ਵੀ ਐਲਾਨ ਕੀਤਾ ਗਿਆ ਕਿ ਹਰ ਮਹੀਨੇ ਜੇਕਰ ਪਹਿਲੀ ਤਾਰੀਖ ਨੂੰ ਤਨਖਾਹ ਪੈਨਸ਼ਨ ਨਹੀਂ ਦਿੱਤੀ ਜਾਦੀ ਤਾਂ 5 ਤਾਰੀਖ ਨੂੰ ਰੋਸ ਮੁਜਾਹਰੇ ਕੀਤੇ ਜਾਇਆ ਕਰਨਗੇ ਅਤੇ ਹੁਣ 6 ਅਪ੍ਰੈਲ ਨੂੰ ਫਿਰ ਪਟਿਆਲਾ ਦੇ ਮੁੱਖ ਦਫਤਰ ਦੇ ਸਾਹਮਣੇ 1000 ਤੋਂ ਵੱਧ ਕਰਮਚਾਰੀ ਵਿਸ਼ਾਲ ਧਰਨਾ ਦੇਣਗੇ।
ਤਨਖਾਹਾਂ ਤੇ ਪੈਨਸ਼ਨਾਂ ਵਿੱਚ ਦੇਰੀ ਖ਼ਿਲਾਫ਼ ਪੀਆਰਟੀਸੀ ਵਰਕਰਾਂ ਦਾ ਜ਼ਬਰਦਸਤ ਰੋਸ ਪਟਿਆਲਾ ਵਿੱਚ ਰੈਲੀ ਤੇ ਪੁੱਤਲੇ ਸਾੜੇ
