ਨਵਾਂਸ਼ਹਿਰ:- ਨਵਾਂਸ਼ਹਿਰ ਅਤੇ ਜਿਲ੍ਹੇ ਭਰ ਦੀਆਂ ਸੰਗਤਾਂ ਵਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਨਵਾਸ਼ਹਿਰ ਤੋਂ 28 ਨਵੰਬਰ ਨੂੰ ਸਜਾਇਆ ਜਾਣ ਵਾਲਾ ਨਗਰ ਕੀਰਤਨ ਅਲੌਕਿਕ ਅਤੇ ਇਤਿਹਾਸਿਕ ਹੋਵੇਗਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵੱਲੋਂ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਤਿੰਨ ਰੋਜ਼ਾ ਵਿਸ਼ਾਲ ਗੁਰਮਤਿ ਸਮਾਗਮ ਦੀ ਨਿਰਵਿਘਨ ਸੰਪੂਰਨਤਾ ਲਈ ਅਰਦਾਸ ਬੇਨਤੀ ਕਰਨ ਸਮੇਂ ਇਹ ਵਿਚਾਰ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਸੰਗਤ ਨੂੰ ਸੰਬੋਧਨ ਹੁੰਦੇ ਹੋਏ ਪੇਸ਼ ਕੀਤੇ।
ਸਮੂਹ ਸੰਗਤਾਂ ਵੱਲੋਂ ਅੱਜ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ ਅਤੇ ਉਸ ਉਪਰੰਤ ਗੁਰੂ ਚਰਨਾਂ ਵਿੱਚ ਪਿਛਲੇ ਦਿਨੀਂ ਹੋਏ ਮਹਾਨ ਕੀਰਤਨ ਦਰਬਾਰ ਦੀ ਅਭੂਤਪੂਰਵ ਸਫਲਤਾ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਆਉਣ ਵਾਲੇ ਸਮਾਗਮ ਦੀ ਨਿਰਵਿਘਨ ਸੰਪੂਰਨਤਾ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਕਿਹਾ ਨਵਾਂਸ਼ਹਿਰ ਵਿਖੇ ਇਹ ਸਮਾਗਮ ਜਿੱਥੇ ਹਿੰਦੂ ਸਿੱਖ ਭਾਈਚਾਰੇ ਵੱਲੋਂ ਬਹੁਤ ਚੜਦੀ ਕਲਾ ਨਾਲ ਮਨਾਉਣ ਦੇ ਪ੍ਰੋਗਰਾਮ ਉਲੀਕੇ ਗਏ ਹਨ।
ਉੱਥੇ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜ ਸੇਵੀ, ਵਿਦਿਅਕ ਅਤੇ ਵਪਾਰਕ ਜਥੇਬੰਦੀਆਂ ਇਹਨਾਂ ਸਮਾਗਮਾਂ ਦੀ ਤਿਆਰੀ ਲਈ ਪੱਬਾਂ ਭਾਰ ਹਨ। ਇਹਨਾਂ ਸਮਾਗਮਾਂ ਦੇ ਪਹਿਲੇ ਦਿਨ ਗੁਰਦੁਆਰਾ ਮੰਜੀ ਸਾਹਿਬ ਤੋਂ ਆਰੰਭ ਹੋਣ ਵਾਲੇ ਨਗਰ ਕੀਰਤਨ ਨੂੰ ਜੀ ਆਇਆਂ ਕਹਿਣ ਲਈ ਸਮੁੱਚੇ ਹਿੰਦੂ ਸਿੱਖ ਭਾਈਚਾਰੇ ਅਤੇ ਹੋਰ ਸੰਸਥਾਵਾਂ ਵੱਲੋਂ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਤੇ ਸਵਾਗਤੀ ਗੇਟ, ਹੋਰਡਿੰਗ ਅਤੇ ਸੰਗਤਾਂ ਦੇ ਖਾਣ ਪੀਣ ਵਾਸਤੇ ਸਟਾਲ ਲਗਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਇਨ੍ਹਾਂ ਸੰਸਥਾਵਾਂ ਵਿਚ ਜਿਲ੍ਹਾ ਵਪਾਰ ਮੰਡਲ ਨਵਾਂਸ਼ਹਿਰ, ਧਾਰਮਿਕ ਉਤਸਵ ਕਮੇਟੀ, ਬ੍ਰਾਹਮਣ ਸਭਾ ਨਵਾਂਸ਼ਹਿਰ, ਅਰੋੜਾ ਸਭਾ (ਰਜਿ:) ਨਵਾਂਸ਼ਹਿਰ, ਸ਼ਿਵ ਸੈਨਾ ਪੰਜਾਬ, ਸਾਹਿਬ ਸ਼੍ਰੀ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਨਵਾਂਸ਼ਹਿਰ, ਪ੍ਰੇਮ ਨਗਰ ਵੈਲਫੇਅਰ ਸੋਸਾਇਟੀ ਨਵਾਂਸ਼ਹਿਰ, ਸ੍ਰੀ ਬਾਂਕੇ ਬਿਹਾਰੀ ਗਊਸ਼ਾਲਾ ਨਵਾਂਸ਼ਹਿਰ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਵਿਸ਼ਵਾਸ ਸੇਵਾ ਸੋਸਾਇਟੀ, ਦੁਆਬਾ ਸੇਵਾ ਸੰਮਤੀ, ਏ ਪਲੱਸ ਫੂਡ, ਪ੍ਰੇਮ ਨਗਰ ਵੈਲਫੇਅਰ ਸੁਸਾਇਟੀ, ਪੰਜਾਬ ਸਾਹਿਤ ਸਭਾ ਨਵਾਂਸ਼ਹਿਰ, ਆਈ ਐਮ ਏ , ਟਰੱਕ ਯੂਨੀਅਨ,ਵਾਤਾਵਰਣ ਸੰਭਾਲ ਕਮੇਟੀ, ਆਵਾਜ਼ ਸੇਵਾ ਸੋਸਾਇਟੀ ਤੋਂ ਇਲਾਵਾ ਅਲੱਗ ਅਲੱਗ ਮੁਹੱਲਿਆਂ ਦੀਆਂ ਸੰਸਥਾਵਾਂ ਅਤੇ ਨਿੱਜੀ ਅਦਾਰੇ ਵੀ ਸ਼ਾਮਲ ਹਨ।
ਇਹ ਨਗਰ ਕੀਰਤਨ ਸ਼ਹਿਰ ਦੇ ਅਲੱਗ ਅਲੱਗ ਬਜਾਰਾਂ ਵਿਚ ਦੀ ਹੁੰਦਾ ਹੋਇਆ ਆਈ ਟੀ ਆਈ ਗਰਾਊਂਡ ਚੰਡੀਗੜ੍ਹ ਰੋਡ ਵਿਖੇ ਪਹੁੰਚੇਗਾ ਜਿੱਥੇ ਕਿ ਨਵਾਂਸ਼ਹਿਰ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਵੀ ਨਗਰ ਕੀਰਤਨ ਵਿੱਚ ਸ਼ਾਮਿਲ ਰਹਿਣਗੀਆਂ। ਆਈ ਟੀ ਆਈ ਵਿਚ ਧਾਰਮਿਕ ਸਟੇਜ ਲਗਾਈ ਜਾਵੇਗੀ ਜਿੱਥੇ ਕਥਾ ਕੀਰਤਨ ਢਾਡੀ ਵਾਰਾਂ ਤੋਂ ਇਲਾਵਾ ਗਤਕਾ ਅਤੇ ਘੋੜ ਦੌੜ ਦੇ ਕਰਤਵ ਵੀ ਗੁਰੂ ਕੀਆਂ ਲਾਡਲੀਆਂ ਫੌਜਾਂ ਵਲੋਂ ਸੰਗਤਾਂ ਨੂੰ ਦਿਖਾਏ ਜਾਣਗੇ। ਆਈ ਟੀ ਆਈ ਵਿਖੇ ਵੀ ਸੰਗਤਾਂ ਲਈ ਖਾਣ ਪੀਣ ਦਾ ਸਟਾਲ ਵੱਡੇ ਪੱਧਰ ਤੇ ਲਗਾਏ ਜਾ ਰਹੇ ਹਨ। ਇਸ ਨਗਰ ਕੀਰਤਨ ਵਿਚ ਇਲਾਕੇ ਦੇ ਹਰ ਧਰਮ ਨਾਲ ਸਬੰਧਤ ਸ਼ਖਸੀਅਤਾਂ ਵੀ ਸ਼ਾਮਲ ਹੋਣਗੀਆਂ।
ਇਨ੍ਹਾਂ ਤੋਂ ਇਲਾਵਾ ਜਿਲ੍ਹਾ ਭਰ ਦੀਆਂ ਸੰਗਤਾਂ ਨੂੰ ਵੀ ਇਸ ਇਤਿਹਾਸਿਕ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਸੱਦੇ ਭੇਜੇ ਗਏ ਹਨ। ਨਗਰ ਕੀਰਤਨ ਤੋਂ ਇਲਾਵਾ 29 ਅਤੇ 30 ਨਵੰਬਰ ਨੂੰ ਹੋਣ ਵਾਲੇ ਗੁਰਮਤਿ ਸਮਾਗਮਾਂ ਵਿਚ ਵੀ ਸਮੁੱਚੇ ਇਲਾਕੇ ਦੀਆਂ ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਗੁ: ਮੰਜੀ ਸਾਹਿਬ ਵਿਖੇ ਨਤਮਸਤਕ ਹੋਣਗੀਆਂ ਅਤੇ ਦੋ ਰੋਜ਼ਾ ਗੁਰਮਤਿ ਸਮਾਗਮਾਂ ਦਾ ਅਨੰਦ ਲੈਣਗੀਆਂ। ਇਨ੍ਹਾਂ ਸਮਾਗਮਾਂ ਨੂੰ ਮਹਾਨ ਕੀਰਤਨ ਦਰਬਾਰ ਦੀ ਤਰ੍ਹਾਂ ਵੱਡੇ ਪੱਧਰ ਤੇ ਕਰਵਾਉਣ ਦੇ ਪ੍ਰਬੰਧ ਵੀ ਲਗਭਗ ਮੁਕੰਮਲ ਕਰ ਲਏ ਗਏ ਹਨ।
ਇਸ ਮੌਕੇ ਗੁ: ਮੰਜੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਾਰੰਗ ਸਿੰਘ, ਸੁਸਾਇਟੀ ਸਰਪ੍ਰਸਤ ਉੱਤਮ ਸਿੰਘ ਸੇਠੀ, ਸੁਸਾਇਟੀ ਦੇ ਉਪ ਮੁੱਖ ਸੇਵਾਦਾਰ ਦੀਦਾਰ ਸਿੰਘ ਗਹੂੰਣ, ਤਰਲੋਚਨ ਸਿੰਘ ਖਟਕੜ ਕਲਾਂ, ਜਗਜੀਤ ਸਿੰਘ ਜਨਰਲ ਸਕੱਤਰ, ਬਾਬਾ ਹੰਸਾ ਸਿੰਘ, ਕੈਸ਼ੀਅਰ ਜਗਦੀਪ ਸਿੰਘ, ਕੁਲਵਿੰਦਰ ਸਿੰਘ ਭੀਣ, ਪਲਵਿੰਦਰ ਸਿੰਘ ਕਰਿਆਮ, ਬਖਸ਼ੀਸ਼ ਸਿੰਘ ਸੈਣੀ, ਕੁਲਜੀਤ ਸਿੰਘ ਖਾਲਸਾ, ਭਗਵਾਨ ਸਿੰਘ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ, ਗਿਆਨ ਸਿੰਘ, ਅਮਰਜੀਤ ਸਿੰਘ ਗੁਰੂ ਰਾਮਦਾਸ ਸੇਵਾ ਸੁਸਾਇਟੀ, ਅਰਵਿੰਦਰ ਸਿੰਘ, ਦਲਜੀਤ ਸਿੰਘ ਬਡਵਾਲ, ਹਕੀਕਤ ਸਿੰਘ, ਹਰਵਿੰਦਰ ਸਿੰਘ ਹਾਈਵੇ, ਪਰਮਜੀਤ ਸਿੰਘ ਮੂਸਾਪੁਰ, ਦਿਲਬਾਗ ਸਿੰਘ ਉਸਮਾਨਪੁਰ, ਸੁਰਿੰਦਰ ਸਿੰਘ ਰਾਜਸਥਾਨੀ, ਗੁਰਬਖਸ਼ ਸਿੰਘ ਤੋਂ ਇਲਾਵਾ ਮਾਤਾ ਗੁਜਰ ਕੌਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਪ੍ਰਧਾਨ ਦਵਿੰਦਰ ਕੌਰ, ਬੀਬੀ ਬਲਵਿੰਦਰ ਕੌਰ ਅਤੇ ਸੁਸਾਇਟੀ ਦੀਆਂ ਸਮੂਹ ਮੈਂਬਰਾਨ ਵੀ ਇਸ ਮੌਕੇ ਮੌਜੂਦ ਸਨ।
ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਜਿਲ੍ਹਾ ਪੱਧਰੀ ਇਤਿਹਾਸਿਕ ਨਗਰ ਕੀਰਤਨ ਲਈ ਤਿਆਰੀਆਂ ਲੱਗਭਗ ਮੁਕੰਮਲ
