ਐੱਸ.ਏ.ਐੱਸ. ਨਗਰ, 06 ਮਾਰਚ, 2026:- ਅਗਾਮੀ ਜਨਗਣਨਾ 2027 ਦੀਆਂ ਤਿਆਰੀਆਂ ਦੇ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਾਉਸਲਿਸਟਿੰਗ ਅਤੇ ਹਾਊਸਿੰਗ ਜਨਗਣਨਾ ਸਬੰਧੀ ਜ਼ਿਲ੍ਹਾ/ਚਾਰਜ ਅਫ਼ਸਰਾਂ ਅਤੇ ਰੈਗੂਲਰ/ਤਕਨੀਕੀ ਸਹਾਇਕਾਂ ਲਈ ਦੋ ਦਿਨਾਂ ਦੀ ਵਿਸ਼ੇਸ਼ ਟ੍ਰੇਨਿੰਗ ਅੱਜ ਸਫਲਤਾਪੂਰਵਕ ਮੁਕੰਮਲ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਗੀਤਿਕਾ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਿੰਗ ਜਨਗਣਨਾ ਵਿਭਾਗ ਪੰਜਾਬ, ਚੰਡੀਗੜ੍ਹ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ, ਜਿਸ ਦੌਰਾਨ ਭਾਗੀਦਾਰਾਂ ਨੂੰ ਜਨਗਣਨਾ ਦੀ ਪ੍ਰਕਿਰਿਆ, ਜ਼ਿੰਮੇਵਾਰੀਆਂ ਅਤੇ ਕਾਰਜ-ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਹੋਏ ਸੈਸ਼ਨ ਬਹੁਤ ਹੀ ਜਾਣਕਾਰੀ ਭਰਪੂਰ ਰਹੇ। ਇਸ ਦੌਰਾਨ ਭਾਗੀਦਾਰਾਂ ਨੂੰ ਜਨਗਣਨਾ 2027 ਨਾਲ ਸੰਬੰਧਿਤ ਭੂਮਿਕਾਵਾਂ, ਕਾਨੂੰਨੀ ਪ੍ਰਾਵਧਾਨਾਂ, ਹਾਉਸਲਿਸਟਿੰਗ ਓਪਰੇਸ਼ਨ ਸ਼ੈਡਿਊਲ ਅਤੇ ਜਨਗਣਨਾ ਪ੍ਰਬੰਧਨ ਅਤੇ ਨਿਗਰਾਨੀ ਪ੍ਰਣਾਲੀ ਮੋਡੀਊਲ ਸਮੇਤ ਹਾਉਸਲਿਸਟਿੰਗ ਓਪਰੇਸ਼ਨ ਦੇ ਪ੍ਰਬੰਧਨ ਅਤੇ ਮਾਨੀਟਰਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਵਿੱਚ ਸ਼ਾਮਿਲ ਅਧਿਕਾਰੀਆਂ ਨੇ ਸੈਸ਼ਨਾਂ ਦੌਰਾਨ ਸੁਆਲ ਜੁਆਬ ਵੀ ਕੀਤੇ ਅਤੇ ਵੱਖ-ਵੱਖ ਮੋਡੀਊਲਾਂ ਸਬੰਧੀ ਆਪਣੇ ਸ਼ੰਕੇ ਵੀ ਦੂਰ ਕੀਤੇ।
ਏ.ਡੀ.ਸੀ. ਗੀਤਿਕਾ ਸਿੰਘ ਨੇ ਦੱਸਿਆ ਕਿ ਜਨਗਣਨਾ ਦਾ ਨਾਅਰਾ “ਜਨਗਣਨਾ ਸੇ ਜਨਕਲਿਆਣ” ਹੈ, ਜੋ ਦੇਸ਼ ਦੀ ਸਮਾਜਿਕ ਅਤੇ ਆਰਥਿਕ ਯੋਜਨਾ ਬਣਾਉਣ ਵਿੱਚ ਇਸ ਪ੍ਰਕਿਰਿਆ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਨ ਗਣਨਾ ਦੇਸ਼ ਦੇ ਵਿਕਾਸ ਅਤੇ ਭਵਿੱਖੀ ਨੀਤੀਆਂ ਦਾ ਅਹਿਮ ਅਧਾਰ ਬਣੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਜਨਗਣਨਾ ਪ੍ਰਕਿਰਿਆ ਦੇ ਤਹਿਤ ਸੈਲਫ਼ ਇਨਿਊਮੇਰੇਸ਼ਨ (ਸਵੈ ਗਣਨਾ) ਦੀ ਪ੍ਰਕਿਰਿਆ 30 ਅਪ੍ਰੈਲ ਤੋਂ 14 ਮਈ 2026 ਤੱਕ ਚੱਲੇਗੀ, ਜਦਕਿ ਹਾਉਸਲਿਸਟਿੰਗ ਅਤੇ ਹਾਊਸਿੰਗ ਜਨਗਣਨਾ ਦਾ ਫ਼ੀਲਡਵਰਕ 15 ਮਈ ਤੋਂ 13 ਜੂਨ 2026 ਤੱਕ ਕੀਤਾ ਜਾਵੇਗਾ। ਇਸ ਦੌਰਾਨ ਘਰ-ਘਰ ਜਾ ਕੇ ਘਰਾਂ ਅਤੇ ਆਬਾਦੀ ਨਾਲ ਸਬੰਧਿਤ ਮੁੱਢਲੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਮਾਸਟਰ ਟ੍ਰੇਨਰਾਂ ਦੀ ਚੋਣ ਕਰ ਲਈ ਗਈ ਹੈ, ਜੋ ਚੰਡੀਗੜ੍ਹ ਵਿਖੇ ਹੋਣ ਵਾਲੀ ਅਗਲੀ ਟ੍ਰੇਨਿੰਗ ਵਿੱਚ ਭਾਗ ਲੈਣਗੇ। ਇਸ ਤੋਂ ਬਾਅਦ ਇਹ ਮਾਸਟਰ ਟ੍ਰੇਨਰ ਜ਼ਿਲ੍ਹੇ ਦੇ ਫ਼ੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਦੇਣਗੇ ਅਤੇ ਟ੍ਰੇਨਿੰਗ ਦੀ ਇਹ ਲੜੀ ਅੱਗੇ ਵਧਾਉਂਦੇ ਹੋਏ ਇਨਿਊਮੇਰੇਟਰਾਂ ਅਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਵੀ ਕਰਵਾਈ ਜਾਵੇਗੀ।
ਏ.ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹਾ ਜਨਗਣਨਾ ਸੈੱਲ ਵੱਲੋਂ ਟ੍ਰੇਨਿੰਗ ਦੇ ਸੁਚਾਰੂ ਆਯੋਜਨ ਨੂੰ ਯਕੀਨੀ ਬਣਾਇਆ ਗਿਆ, ਜਿਸ ਵਿੱਚ ਖ਼ਾਸ ਤੌਰ ‘ਤੇ ਸ੍ਰੀ ਰਣਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਵੱਲੋਂ ਮਹੱਤਵਪੂਰਣ ਭੂਮਿਕਾ ਨਿਭਾਈ ਗਈ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਨਾਲ ਜ਼ਿਲ੍ਹੇ ਵਿੱਚ ਜਨਗਣਨਾ ਦੀ ਪ੍ਰਕਿਰਿਆ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਮਦਦ ਮਿਲੇਗੀ। ਦੀ ਦਿਨਾਂ ਇਹ ਸਿਖਲਾਈ ਚਾਰਜ ਅਫ਼ਸਰਾਂ ਅਤੇ ਤਕਨੀਕੀ ਸਹਾਇਕਾਂ ਲਈ ਸੀ।