ਨਵਾਂਸ਼ਹਿਰ, 13 ਅਕਤੂਬਰ (ਗੁਰਬਖਸ਼ ਸਿੰਘ ਮਹੇ):- ਫ਼ਰਵਰੀ 2027 ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650 ਸਾਲਾ ਪ੍ਰਕਾਸ਼ ਪੁਰਬ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਉਣ ਲਈ ਪਵਿੱਤਰ ਅਸਥਾਨ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵੱਡੇ ਪੱਧਰ 'ਤੇ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਦੀ ਸ਼ੁਰੂਆਤ 65 ਬਾਈ 200 ਫੁੱਟ ਦੇ ਸ਼ੈੱਡ ਦਾ ਨਿਰਮਾਣ ਕਰਕੇ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਪਾਵਨ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਪ੍ਰਬੰਧਕਾਂ, ਸੇਵਾਦਾਰਾਂ ਅਤੇ ਸੰਗਤਾਂ ਵੱਲੋਂ ਵੱਖ-ਵੱਖ ਸੇਵਾਵਾਂ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਜਾ ਰਹੀਆਂ ਹਨ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650 ਸਾਲਾ ਪ੍ਰਕਾਸ਼ ਪੁਰਬ ਸਮੁੱਚੇ ਆਦਿ ਧਰਮੀ ਸਮਾਜ ਅਤੇ ਗੁਰੂ ਮਹਾਰਾਜ ਜੀ ਦੀ ਵਿਚਾਰਧਾਰਾ ਨਾਲ ਜੁੜੀਆਂ ਸੰਗਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਇਤਿਹਾਸਕ ਮੌਕੇ ਨੂੰ ਸਮਰਪਿਤ ਸਮਾਗਮਾਂ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਦੀ ਉਮੀਦ ਹੈ।
ਇਸ ਨੂੰ ਧਿਆਨ ਵਿੱਚ ਰੱਖਦਿਆਂ ਸੰਗਤਾਂ ਦੀ ਸਹੂਲਤ ਲਈ ਲੰਗਰ, ਪੀਣ ਵਾਲੇ ਪਾਣੀ, ਵਾਹਨਾਂ ਦੀ ਪਾਰਕਿੰਗ, ਸਫ਼ਾਈ, ਰਿਹਾਇਸ਼ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਦੀਆਂ ਵੱਖ-ਵੱਖ ਟੀਮਾਂ ਬਣਾਉਣ ਅਤੇ ਸੰਗਤਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੇ ਪ੍ਰਬੰਧ ਕਰਨ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਕਮੇਟੀ ਦੇ ਚੇਅਰਮੈਨ ਸ੍ਰੀ ਨਾਜਰ ਰਾਮ ਮਾਨ ਅਤੇ ਰਾਜਨੀਤਿਕ ਵਿੰਗ ਨਾਲ ਸਬੰਧਤ ਸਵਾਗਤੀ ਕਮੇਟੀ ਦੇ ਇੰਚਾਰਜ ਜਗਦੀਸ਼ ਕੁਮਾਰ ਨੇ ਕਿਹਾ ਕਿ ਸੰਗਤ ਵੱਲੋਂ ਹਰ ਹਫ਼ਤੇ ਚਰਨਛੋਹ ਗੰਗਾ ਵਿਖੇ ਕੋਈ ਨਾ ਕੋਈ ਸਮਾਗਮ ਕੀਤਾ ਜਾਂਦਾ ਹੈ, ਜਿਸ ਲਈ ਕਮੇਟੀ ਵੱਲੋਂ ਲੰਗਰ ਆਦਿ ਦੇ ਪ੍ਰਬੰਧ ਕੀਤੇ ਜਾਂਦੇ ਹਨ। ਹਾਲਾਂਕਿ, ਕਮੇਟੀ ਦਾ ਵੱਡਾ ਸਮਾਗਮ 31 ਦਸੰਬਰ 2026 ਦੀ ਰਾਤ ਅਤੇ 1 ਜਨਵਰੀ 2027 ਨੂੰ ਹੋਵੇਗਾ, ਜਦਕਿ 650 ਸਾਲਾ ਗੁਰਪੁਰਬ ਪ੍ਰਬੰਧਕ ਕਮੇਟੀ ਵੱਲੋਂ ਫ਼ਰਵਰੀ ਵਿੱਚ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕਮੇਟੀ ਦਾ ਆਪਣਾ ਕੋਈ ਹੋਰ ਪ੍ਰੋਗਰਾਮ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਬਾਣੀ, ਉਪਦੇਸ਼ਾਂ ਅਤੇ ਮਨੁੱਖਤਾ ਨੂੰ ਦਿੱਤੇ ਬਰਾਬਰੀ, ਭਾਈਚਾਰੇ ਅਤੇ ਆਪਸੀ ਸਾਂਝ ਦੇ ਸੰਦੇਸ਼ ਤੋਂ ਜਾਣੂ ਕਰਵਾਇਆ ਜਾਵੇਗਾ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਰਾਹੀਂ ਜਾਤ-ਪਾਤ, ਊਚ-ਨੀਚ ਅਤੇ ਸਮਾਜਿਕ ਵਿਤਕਰੇ ਦਾ ਵਿਰੋਧ ਕਰਦਿਆਂ ਸਮਾਨਤਾ, ਕਿਰਤ, ਸੱਚ ਅਤੇ ਮਨੁੱਖੀ ਏਕਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਵੱਲੋਂ ਦਰਸਾਇਆ ਗਿਆ ‘ਬੇਗਮਪੁਰਾ’ ਦਾ ਸੰਕਲਪ ਅੱਜ ਵੀ ਅਜਿਹੇ ਸਮਾਜ ਦੀ ਪ੍ਰੇਰਣਾ ਦਿੰਦਾ ਹੈ, ਜਿੱਥੇ ਕਿਸੇ ਨਾਲ ਭੇਦਭਾਵ ਨਾ ਹੋਵੇ ਅਤੇ ਹਰ ਮਨੁੱਖ ਨੂੰ ਬਰਾਬਰ ਸਤਿਕਾਰ ਤੇ ਅਧਿਕਾਰ ਪ੍ਰਾਪਤ ਹੋਣ।
ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਤਨ, ਮਨ ਤੇ ਧਨ ਨਾਲ ਸੇਵਾ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਤਿਆਰੀਆਂ ਸ਼ੁਰੂ ਹੋਣ ਨਾਲ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਮੌਕੇ ਸੰਤ ਗਿਰਧਾਰੀ ਲਾਲ, ਬਾਬਾ ਦਿਆਲ ਚੰਦ ਬੰਗਾ, ਸੰਤ ਕਰਮ ਚੰਦ, ਮਨਜੀਤ ਮੁੱਗੋਵਾਲ, ਸੁਖਚੈਨ ਸਿੰਘ ਕਾਲਾ ਸਮੇਤ ਹੋਰ ਬਹੁਤ ਸਾਰੇ ਆਗੂ ਅਤੇ ਵਰਕਰ ਹਾਜ਼ਰ ਸਨ।
