ਪਟਿਆਲਾ:- ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ (ਰਜਿ.) ਅਤੇ ਸੰਗਤ ਦੇ ਸਹਿਯੋਗ ਨਾਲ ਵਟ ਪੂਰਨੀਮਾ, ਜੇਠ ਪੂਰਨੀਮਾ ਅਤੇ ਸੰਤ ਕਬੀਰ ਦਾਸ ਜੀ ਦੀ ਜਯੰਤੀ ਮੌਕੇ ਧਾਰਮਿਕ ਅਤੇ ਸਮਾਜ ਸੇਵੀ ਸਮਾਗਮ ਕਰਵਾਏ ਗਏ। ਇਸ ਮੌਕੇ ਦੁੱਧ ਦੀ ਛਬੀਲ, ਅਤੁੱਟ ਲੰਗਰ ਅਤੇ ਰੁੱਖ ਲਗਾਉਣ ਦੀ ਮੁਹਿੰਮ ਰਾਹੀਂ ਸੇਵਾ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਗਿਆ।
ਸਵੇਰੇ 11 ਵਜੇ ਵਿਸ਼ਾਲ ਸ਼ਿਵ ਜੀ ਦੀ ਮੂਰਤੀ ਕੋਲ ਅਰਦਾਸ ਉਪਰੰਤ ਦੁੱਧ ਦੀ ਛਬੀਲ ਅਤੇ ਦਾਲ ਮੱਖਣੀ-ਚਾਵਲਾਂ ਦਾ ਲੰਗਰ ਵਰਤਾਇਆ ਗਿਆ। ਇਸ ਦੇ ਨਾਲ ਹੀ ਲੰਗਰ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਵੀ ਭੇਜਿਆ ਗਿਆ। ਸ਼ਾਮ 5.30 ਵਜੇ ਖੀਰ ਦਾ ਲੰਗਰ ਵੀ ਪ੍ਰਸ਼ਾਦ ਵਜੋਂ ਸੰਗਤ ਵਿੱਚ ਅਤੁੱਟ ਵਰਤਾਇਆ ਗਿਆ ਅਤੇ ਇਸ ਦੀ ਸੇਵਾ ਵੀ ਰਾਜਿੰਦਰਾ ਹਸਪਤਾਲ ਤੱਕ ਪਹੁੰਚਾਈ ਗਈ।
ਛਬੀਲ ਦੀ ਸੇਵਾ ਸੁਖਵਿੰਦਰ ਸਿੰਘ (ਸਬਜ਼ੀ ਵਾਲੇ ਚੌਂਕ) ਵੱਲੋਂ ਨਿਭਾਈ ਗਈ, ਜਦਕਿ ਖੀਰ ਦੇ ਲੰਗਰ ਦੀ ਸੇਵਾ ਸ਼ੀਸ਼ ਪਾਲ ਮਿੱਤਲ (ਐੱਸ.ਐੱਸ.ਟੀ. ਨਗਰ) ਵੱਲੋਂ ਕੀਤੀ ਗਈ।
ਇਸ ਮੌਕੇ ਦੱਸਿਆ ਗਿਆ ਕਿ ਪੂਰਨਮਾਸ਼ੀ ਦੇ ਦਿਨ ਵਿਸ਼ੇਸ਼ ਤੌਰ 'ਤੇ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਅਰਾਧਨਾ ਕੀਤੀ ਜਾਂਦੀ ਹੈ। ਪ੍ਰਾਚੀਨ ਸ੍ਰੀ ਕੇਦਾਰ ਨਾਥ ਮੰਦਰ ਵਿੱਚ ਇਸ ਸਾਲ ਸੰਗਤ ਦੇ ਸਹਿਯੋਗ ਨਾਲ ਪਹਿਲੀ ਵਾਰ ਭਗਵਾਨ ਵਿਸ਼ਨੂੰ-ਲਕਸ਼ਮੀ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚ ਰਹੇ ਹਨ।
ਸ਼ਾਮ 5 ਵਜੇ ਸੁਧਾਰ ਸਭਾ ਦੇ ਮੈਂਬਰਾਂ ਨੇ ਬੀਰ ਜੀ ਦੀਆਂ ਮੜੀਆਂ ਕੋਲ ਸਥਿਤ ਸ਼ਿਵ ਜੀ ਦੀ ਮੂਰਤੀ ਦੇ ਬਾਹਰ 21 ਛਾਂਦਾਰ ਅਤੇ ਫੁੱਲਾਂ ਵਾਲੇ ਪੌਦੇ ਲਗਾਏ। ਪੌਦਿਆਂ ਦੀ ਸੁਰੱਖਿਆ ਲਈ ਟਰੀ ਗਾਰਡ ਵੀ ਲਗਾਏ ਗਏ। ਇਨ੍ਹਾਂ ਪੌਦਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੁਧਾਰ ਸਭਾ ਦੇ ਸੰਸਥਾਪਕ ਸਤਨਾਮ ਹਸੀਜਾ ਨੇ ਆਪਣੇ ਸਿਰ ਲਈ।
ਸੇਵਾਮੁਕਤ ਪੰਡਿਤ ਅਸ਼ਵਨੀ ਜੀ ਨੇ ਕਿਹਾ ਕਿ ਮੰਦਰ ਵਿੱਚ ਨਿਯਮਤ ਲੰਗਰ, ਛਬੀਲ, ਕੀਰਤਨ ਅਤੇ ਹੋਰ ਧਾਰਮਿਕ ਗਤੀਵਿਧੀਆਂ ਕਾਰਨ ਸ਼ਰਧਾਲੂਆਂ ਦੀ ਆਮਦ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਪ੍ਰਾਚੀਨ ਮੰਦਰ ਪ੍ਰਤੀ ਲੋਕਾਂ ਦੀ ਡੂੰਘੀ ਆਸਥਾ ਸੀ, ਪਰ ਹੁਣ ਮੰਦਰ ਦੀਆਂ ਧਾਰਮਿਕ ਗਤੀਵਿਧੀਆਂ ਅਤੇ ਸੁੰਦਰ ਸਜਾਵਟ ਕਾਰਨ ਹੋਰ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨਾਂ ਲਈ ਪਹੁੰਚ ਰਹੇ ਹਨ।
ਵਟ ਪੂਰਨੀਮਾ ਜੇਠ ਪੂਰਨੀਮਾ ਅਤੇ ਕਬੀਰ ਦਾਸ ਜਯੰਤੀ ਮੌਕੇ ਛਬੀਲ ਲੰਗਰ ਅਤੇ ਰੁੱਖ ਲਗਾਉਣ ਦਾ ਆਯੋਜਨ
