ਨਵਾਂਸ਼ਹਿਰ/ਕਾਠਗੜ੍ਹ, 30 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ):- ਪਿੰਡ ਬਨਾਂ ਦੀ ਧਰਤੀ ਉਸ ਵੇਲੇ ਲੋਕਾਂ ਦੇ ਪਿਆਰ ਨਾਲ ਖਿੜ ਉੱਠੀ, ਜਦੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਪਿੰਡ ਵਾਸੀਆਂ ਨਾਲ ਰੂ-ਬ-ਰੂ ਹੋਏ। ਉਨ੍ਹਾਂ ਦੇ ਪਹੁੰਚਦਿਆਂ ਹੀ ਪੂਰਾ ਪਿੰਡ ਜੋਸ਼ ਨਾਲ ਗੂੰਜ ਉੱਠਿਆ। ਬਜ਼ੁਰਗਾਂ ਨੇ ਅਸ਼ੀਰਵਾਦ ਦਿੱਤਾ, ਨੌਜਵਾਨਾਂ ਨੇ ਜ਼ਿੰਦਾਬਾਦ ਦੇ ਨਾਅਰੇ ਲਾਏ ਤੇ ਔਰਤਾਂ ਨੇ ਖੁਸ਼ੀ ਨਾਲ ਸਵਾਗਤ ਕੀਤਾ। ਮਾਹੌਲ ਹੀ ਦੱਸ ਰਿਹਾ ਸੀ ਕਿ ਲੋਕਾਂ ਦੇ ਦਿਲਾਂ ਵਿੱਚ ਚੇਚੀ ਲਈ ਕਿੰਨਾ ਸਤਿਕਾਰ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਕਿਹਾ ਕਿ ਮੇਰੀ ਰਾਜਨੀਤੀ ਦਾ ਇੱਕੋ ਮਕਸਦ ਹੈ, ਲੋਕਾਂ ਦੀ ਸੇਵਾ ਤੇ ਉਨ੍ਹਾਂ ਦੇ ਮਸਲੇ ਮੌਕੇ ’ਤੇ ਹੱਲ ਕਰਵਾਉਣਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਛੋਟੇ-ਛੋਟੇ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਮੈਂ ਖੁਦ ਲੋਕਾਂ ਵਿੱਚ ਆ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਾਂਗਾ ਤੇ ਅਧਿਕਾਰੀਆਂ ਕੋਲੋਂ ਹੱਲ ਕਰਵਾਵਾਂਗਾ। ਲੋਕਾਂ ਦਾ ਪਿਆਰ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸੜਕਾਂ, ਗਲੀਆਂ-ਨਾਲੀਆਂ, ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ, ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਬਨਾਂ ਤੇ ਆਸ-ਪਾਸ ਦੇ ਪਿੰਡਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਇਆ ਜਾਵੇਗਾ।
ਇਸ ਮੌਕੇ ਪਿੰਡ ਵਾਸੀਆਂ ਨੇ ਖੁੱਲ੍ਹ ਕੇ ਕਿਹਾ ਕਿ ਅੱਜ ਮਾਰਕੀਟ ਵਿੱਚ ਹਰ ਪਾਸੇ ਇੱਕੋ ਨਾਂਅ ਚੱਲ ਰਿਹਾ ਹੈ, ਚੇਚੀ ਕਰਦਾ ਮਸਲੇ ਹੱਲ। ਲੋਕਾਂ ਨੇ ਕਿਹਾ ਕਿ ਚੇਚੀ ਸਾਹਿਬ ਫੋਨ ’ਤੇ ਹੀ ਨਹੀਂ, ਸਗੋਂ ਮੌਕੇ ’ਤੇ ਆ ਕੇ ਕੰਮ ਕਰਵਾਉਂਦੇ ਹਨ। ਜੋ ਆਗੂ ਲੋਕਾਂ ਦੇ ਦੁੱਖ-ਸੁੱਖ ਵਿੱਚ ਖੜ੍ਹਾ ਹੋਵੇ, ਉਹੀ ਸੱਚਾ ਆਗੂ ਹੁੰਦਾ ਹੈ। ਇਸੇ ਕਰਕੇ ਅੱਜ ਹਰ ਵਰਗ, ਹਰ ਉਮਰ ਦਾ ਵਿਅਕਤੀ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਇਸ ਮੌਕੇ ਸਰਬਜੀਤ ਸਰਪੰਚ, ਹਰੀਸ਼ ਪੰਚ, ਕ੍ਰਿਸ਼ਨ ਕੁਮਾਰ (ਇੰਸਪੈਕਟਰ), ਜੀਤ ਰਾਮ, ਸ਼ਿਵ ਰਾਮ, ਤੇਲੂ ਰਾਮ, ਪਵਨ ਕੁਮਾਰ (ਪੀ.ਪੀ.), ਹਰਿਕਿਸ਼ਨ, ਪ੍ਰਵੀਨ ਫੌਜੀ, ਮੰਗੂ, ਸੁਖਦੇਵ ਪ੍ਰਧਾਨ, ਈਸ਼ਵਰ ਕੁਸ਼ਨ, ਦਲਵੀਰ ਵਿਵੇਕ, ਲਵਲੀ ਕਸਾਨਾ, ਸੰਤ ਕਸਾਨਾ, ਅਮਰੀਕ ਚੰਦ ਪੰਚ, ਬਲਵਿੰਦਰ ਕੌਰ ਪੰਚ, ਰੇਖਾ ਰਾਣੀ ਪੰਚ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਨੌਜਵਾਨ ਤੇ ਬਜ਼ੁਰਗ ਹਾਜ਼ਰ ਸਨ।
