ਨਵਾਂਸ਼ਹਿਰ, 28 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ):- ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ (ਡੀ.ਆਈ.ਓ.) ਡਾ. ਹਰਪਿੰਦਰ ਸਿੰਘ ਨੇ ਟੀਕਾਕਰਨ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੁਹਿੰਮ ਤਹਿਤ ਬੁੱਧਵਾਰ ਨੂੰ ਸਿਹਤ ਬਲਾਕ ਮੁਜ਼ੱਫਰਪੁਰ ਦੇ ਸਬ-ਸੈਂਟਰ ਸਾਹਲੋਂ ਅਤੇ ਸਿਹਤ ਬਲਾਕ ਮੁਕੰਦਪੁਰ ਦੇ ਆਮ ਆਦਮੀ ਕਲੀਨਿਕ, ਕਮਾਮ ਦਾ ਦੌਰਾ ਕੀਤਾ।

ਮਮਤਾ ਦਿਵਸ ਦੌਰਾਨ ਡਾ. ਹਰਪਿੰਦਰ ਸਿੰਘ ਨੇ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਉਨ੍ਹਾਂ ਟੀਕਾਕਰਨ ਦੇ ਪ੍ਰਬੰਧਾਂ, ਕੋਲਡ ਚੇਨ ਪ੍ਰਣਾਲੀ, ਰਿਕਾਰਡ ਦੀ ਸੰਭਾਲ ਅਤੇ ਲਾਭਪਾਤਰੀਆਂ ਲਈ ਉਪਲਬਧ ਸਹੂਲਤਾਂ ਦਾ ਵੀ ਨਿਰੀਖਣ ਕੀਤਾ।

ਇਸ ਤੋਂ ਬਾਅਦ ਡੀ.ਆਈ.ਓ. ਨੇ ਆਮ ਆਦਮੀ ਕਲੀਨਿਕ, ਕਮਾਮ ਵਿਖੇ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ, ਦਵਾਈਆਂ ਦੀ ਉਪਲਬਧਤਾ, ਸਫ਼ਾਈ ਪ੍ਰਬੰਧਾਂ ਅਤੇ ਸਟਾਫ਼ ਦੇ ਕੰਮਕਾਜ ਦੀ ਸਮੀਖਿਆ ਕੀਤੀ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਕਲੀਨਿਕ ਵਿੱਚ ਆਉਣ ਵਾਲੇ ਹਰ ਮਰੀਜ਼ ਨਾਲ ਨਿਮਰਤਾ ਨਾਲ ਪੇਸ਼ ਆਇਆ ਜਾਵੇ ਅਤੇ ਸਮੇਂ ਸਿਰ ਮਿਆਰੀ ਇਲਾਜ ਯਕੀਨੀ ਬਣਾਇਆ ਜਾਵੇ।

ਡਾ. ਹਰਪਿੰਦਰ ਸਿੰਘ ਨੇ ਕਿਹਾ, “ਮਾਂ ਅਤੇ ਬੱਚੇ ਦੀ ਸਿਹਤ ਸਾਡੀ ਪਹਿਲੀ ਤਰਜੀਹ ਹੈ। ਕੋਈ ਵੀ ਬੱਚਾ ਜ਼ਰੂਰੀ ਟੀਕਿਆਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਅਤੇ ਕਿਸੇ ਵੀ ਗਰਭਵਤੀ ਔਰਤ ਦੀ ਸਮੇਂ ਸਿਰ ਜਾਂਚ ਨਹੀਂ ਛੁੱਟਣੀ ਚਾਹੀਦੀ। ਆਮ ਆਦਮੀ ਕਲੀਨਿਕਾਂ ਵਿੱਚ ਮਿਲਦੀਆਂ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣਾ ਸਾਡਾ ਫ਼ਰਜ਼ ਹੈ। ਕਿਸੇ ਵੀ ਪੱਧਰ ’ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।”

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਨ ਸਮੇਂ ਸਿਰ ਪੂਰਾ ਕਰਵਾਉਣ, ਗਰਭਵਤੀ ਔਰਤਾਂ ਨਿਯਮਿਤ ਜਾਂਚ ਕਰਵਾਉਣ ਅਤੇ ਆਪਣੇ ਨੇੜਲੇ ਸਿਹਤ ਕੇਂਦਰ ਜਾਂ ਆਮ ਆਦਮੀ ਕਲੀਨਿਕ ਤੋਂ ਉਪਲਬਧ ਸਹੂਲਤਾਂ ਦਾ ਲਾਭ ਲੈਣ।