ਹੁਸ਼ਿਆਰਪੁਰ:- ਅੱਜ ਐਨ.ਐਚ.ਐਮ ਇਮਪਲੋਈ ਯੂਨੀਅਨ ਹੁਸ਼ਿਆਰਪੁਰ ਵੱਲੋਂ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਦੇ ਦਫਤਰ ਦਾ ਘਿਰਾਓ ਕੀਤਾ ਗਿਆ। ਜਿਸ ਦੇ ਤਹਿਤ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਨੀਤੂ ਸਰਮਲ ਵੱਲੋਂ ਅਗਵਾਈ ਕਰਦਿਆਂ ਸਿਵਲ ਸਰਜਨ ਦਫਤਰ ਵਿਖੇ ਪੰਜਵੇਂ ਦਿਨ ਲਗਾਤਾਰ ਧਰਨਾ ਲਗਾਇਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਸਰਕਾਰ ਵਿਰੁੱਧ ਰੋਸ ਵੀ ਪ੍ਰਗਟ ਕੀਤਾ ਗਿਆ। ਜਿਲ੍ਹੇ ਭਰ ਵਿੱਚੋਂ ਲਗਭਗ 100 ਦੇ ਕਰੀਬ ਮੁਲਾਜ਼ਮ ਇਕੱਠੇ ਹੋਏ ਅਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਲੈ ਕੇ ਕੈਬਿਨਟ ਮੰਤਰੀ ਡਾਕਟਰ ਰਵਜੋਤ ਦੇ ਦਫਤਰ ਤੱਕ ਰੋਸ ਮਾਰਚ ਕੀਤਾ ਗਿਆ। 
ਰੋਸ ਮਾਰਚ ਦੇ ਦੌਰਾਨ ਜਦੋਂ ਐਨ ਐਚ ਐਮ ਮੁਲਾਜ਼ਮ ਡਾਕਟਰ ਰਵਜੋਤ ਦੇ ਦਫਤਰ ਪਹੁੰਚੇ ਤਾਂ ਅੱਗਿਓਂ ਦਫਤਰ ਦੇ ਮੁਲਾਜ਼ਮਾਂ ਵੱਲੋਂ ਤਾਲਾ ਲਗਾ ਦਿੱਤਾ ਗਿਆ। ਜਿਸ ਦੇ ਰੋਜ਼ ਵਜੋਂ ਮੁਲਾਜ਼ਮਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਥਾਣਾ ਸਿਟੀ ਤੋਂ ਪੁਲਿਸ ਬੁਲਾਈ ਗਈ, ਪਰ ਮੁਲਾਜ਼ਮਾਂ ਦਾ ਰੋਹ ਇਨਾ ਜਿਆਦਾ ਸੀ, ਕਿ ਪੁਲਿਸ ਵੀ ਉਹਨਾਂ ਨੂੰ ਰੋਕਣ ਤੋਂ ਨਾਕਾਮ ਰਹੀ। 
ਦਫਤਰੀ ਸਟਾਫ ਦੁਆਰਾ ਦੱਸਿਆ ਗਿਆ ਕਿ ਕੈਬਨਟ ਮੰਤਰੀ ਇਸ ਵਕਤ ਦਿੱਲੀ ਗਏ ਹੋਏ ਹਨ। ਫਿਰ ਉਹਨਾਂ ਦੀ ਗੈਰਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵੱਲੋਂ ਮੰਗ ਪੱਤਰ ਲਿਆ ਗਿਆ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸੁਣੀਆਂ ਗਈਆਂ। ਕੈਬਨਿਟ ਮੰਤਰੀ ਦੇ ਪੀ ਏ ਲਵਦੀਪ ਸਿੰਘ ਵੱਲੋਂ ਅਸ਼ਵਾਸਨ ਦਿੱਤਾ ਗਿਆ, ਕਿ ਤੁਹਾਡੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ।
 ਜ਼ਿਲਾ ਪ੍ਰਧਾਨ ਸ੍ਰੀਮਤੀ ਨੀਤੂ ਸਰਮਲ ਵੱਲੋਂ ਦੱਸਿਆ ਗਿਆ ਕਿ ਮੰਗਾਂ ਮੰਨੇਂ ਜਾਣ ਤੱਕ ਸਿਵਲ ਸਰਜਨ ਦਫ਼ਤਰ ਵਿਖੇ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਸੁਮੀਤ ਸ਼ਰਮਾ, ਤਰੁਣਜੀਤ ਕੁਮਾਰ, ਮੁਹੰਮਦ ਆਸਿਫ, ਬਿੰਨੀ ਮਲਹੋਤਰਾ, ਸੰਦੀਪ ਕੁਮਾਰ, ਹਰਮੇਸ਼ ਕੁਮਾਰ, ਪਰਮਪ੍ਰੀਤ ਪਾਲ ਕੌਰ, ਡਾਕਟਰ ਅਰਚਨਾ ਆਦਿ ਹਾਜ਼ਰ ਸਨ।