ਖਰੜ, 8 ਸਤੰਬਰ- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਖਰੜ ਇਕਾਈ ਨੇ ਮੰਗ ਕੀਤੀ ਹੈ ਕਿ ਪਾਣੀ ਉਤਰਨ ਉਪਰੰਤ ਲੋਕਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧਾਂ ਦੀ ਲੋੜ ਹੈ। ਇਸ ਲਈ ਸਰਕਾਰ ਨੂੰ ਇਸ ਸੰਬੰਧੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਸੁਸਾਇਟੀ ਦੀ ਮੀਟਿੰਗ ਦੌਰਾਨ ਖਰੜ ਇਕਾਈ ਦੇ ਮੁਖੀ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਲਗਭਗ ਸਾਰਾ ਪੰਜਾਬ ਹੀ ਭਿਆਨਕ ਹੜ੍ਹਾਂ ਨਾਲ ਜੂਝ ਰਿਹਾ ਹੈ। ਭਾਰੀ ਹੜ੍ਹਾਂ ਕਾਰਨ ਹੋਈ ਤਬਾਹੀ ਦੀ ਭਰਪਾਈ ਕਰਨ ਲਈ ਬਹੁਤ ਸਮਾਂ ਲੱਗੇਗਾ। ਇਸ ਦੌਰਾਨ ਜਿੱਥੇ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਉੱਥੇ ਹੀ ਪਸ਼ੂਆਂ ਦੇ ਮਾਰੇ ਜਾਣ ਅਤੇ ਖੇਤਾਂ ਵਿੱਚ ਖੜ੍ਹੇ ਪਾਣੀ ਕਾਰਨ ਫਸਲਾਂ ਵੀ ਤਬਾਹ ਹੋ ਗਈਆਂ ਹਨ।
ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਸੂਬਾਈ ਪੱਧਰ ’ਤੇ ਇਸ ਸਾਰੇ ਭਿਆਨਕ ਵਰਤਾਰੇ ’ਤੇ ਨਿਗ੍ਹਾ ਰੱਖੀ ਜਾ ਰਹੀ ਹੈ। ਪੰਜਾਬ ਦੀਆਂ ਵੱਖ-ਵੱਖ ਇਕਾਈਆਂ ਆਪਣੇ ਪੱਧਰ ’ਤੇ ਹੋਰ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ ਹਰ ਸੰਭਵ ਸਹਾਇਤਾ ਲਈ ਯਤਨ ਕਰ ਰਹੀਆਂ ਹਨ।
ਜੋਨਲ ਆਗੂ ਗੁਰਮੀਤ ਖਰੜ ਨੇ ਕਿਹਾ ਕਿ ਹੜ੍ਹ ਪੀੜ੍ਹਤਾਂ ਦੀ ਆਰਥਿਕ ਮਦਦ ਕਰਨ ਲਈ ਮੈਂਬਰਾਂ ਵੱਲੋਂ ਧਨ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ, ਜੋ ਜਲਦ ਹੀ ਹੜ੍ਹ ਪੀੜ੍ਹਤਾਂ ਕੋਲ ਪਹੁੰਚਾ ਦਿੱਤੀ ਜਾਵੇਗੀ।
ਮੀਟਿੰਗ ਵਿੱਚ ਮੀਡੀਆ ਮੁਖੀ ਕਰਮਜੀਤ ਸਕਰੂਡਪੁਰੀ, ਪੀ. ਪੀ. ਸਿੰਘ, ਜਰਨੈਲ ਸਹੋੜਾ, ਭੁਪਿੰਦਰ ਮਦਨਹੇੜੀ ਅਤੇ ਬਿਕਰਮਜੀਤ ਸੋਨੀ ਵੀ ਹਾਜ਼ਰ ਸਨ।