ਹੁਸ਼ਿਆਰਪੁਰ:- ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸ਼ੁੱਕਰਵਾਰ ਨੂੰ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਡਾ. ਨਿਧੀ ਕੁਮੁਦ ਬੰਬਾਹ ਨੇ ਸੰਯੁਕਤ ਸੀਈਓ ਪੰਜਾਬ ਨਵਨੀਤ ਕੌਰ ਬੱਲ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਪੱਧਰ 'ਤੇ ਸਥਾਪਿਤ ਈਵੀਐਮ ਵੇਅਰਹਾਊਸ ਦੀ ਜੁਲਾਈ 2026 ਦੀ ਮਹੀਨਾਵਾਰ ਜਾਂਚ ਬਿਨਾਂ ਵੇਅਰਹਾਊਸ ਖੋਲ੍ਹੇ ਕੀਤੀ।ਜਾਂਚ ਦੌਰਾਨ ਈਵੀਐਮ ਵੇਅਰਹਾਊਸ ਦੇ ਡਬਲ ਲਾਕ ਦੀਆਂ ਸੀਲਾਂ, ਸੀਸੀਟੀਵੀ ਪ੍ਰਬੰਧਾਂ ਅਤੇ ਹੋਰ ਸੁਰੱਖਿਆ ਇੰਤਜ਼ਾਮਾਂ ਦੀ ਜਾਂਚ ਕੀਤੀ ਗਈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਈਵੀਐਮ ਵੇਅਰਹਾਊਸ ਦੀ ਮਹੀਨਾਵਾਰ ਜਾਂਚ ਇੱਕ ਨਿਯਮਤ ਅਤੇ ਲਾਜ਼ਮੀ ਪ੍ਰਕਿਰਿਆ ਹੈ। ਇਸ ਦਾ ਉਦੇਸ਼ ਚੋਣ ਪ੍ਰਕਿਰਿਆ ਦੀ ਨਿਰਪੱਖਤਾ, ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਵੇਅਰਹਾਊਸ ਦੇ ਸਾਰੇ ਪ੍ਰਬੰਧ ਉੱਚਤਮ ਮਾਪਦੰਡਾਂ ਅਨੁਸਾਰ ਪਾਏ ਗਏ ਹਨ।
ਇਸ ਮੌਕੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਇਹ ਪਹਿਲ ਲੋਕਤੰਤਰੀ ਪ੍ਰਕਿਰਿਆ ਪ੍ਰਤੀ ਆਮ ਲੋਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਈਵੀਐਮ ਮਸ਼ੀਨਾਂ ਦੀ ਨਿਰਪੱਖਤਾ ਬਾਰੇ ਫੈਲਾਈਆਂ ਜਾਂਦੀਆਂ ਭਰਮਪੂਰਨ ਧਾਰਣਾਵਾਂ ਨੂੰ ਦੂਰ ਕਰਨ ਵਿੱਚ ਸਹਾਇਕ ਸਾਬਤ ਹੁੰਦੀ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਖੁਸ਼ੀ ਰਾਮ ਧੀਮਾਨ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਰਜਨੀਸ਼ ਟੰਡਨ, ਭਾਜਪਾ ਵੱਲੋਂ ਭੂਸ਼ਣ ਕੁਮਾਰ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗਤਾਰ ਸਿੰਘ, ਸੀਪੀਆਈ (ਐਮ) ਵੱਲੋਂ ਬਲਵਿੰਦਰ ਸਿੰਘ ਤੋਂ ਇਲਾਵਾ ਨੋਡਲ ਅਫ਼ਸਰ ਈਵੀਐਮ-ਕਮ-ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਚਾਵਲਾ, ਸਹਾਇਕ ਨੋਡਲ ਅਫ਼ਸਰ ਬਲਵਿੰਦਰ ਸਿੰਘ, ਚੋਣ ਤਹਿਸੀਲਦਾਰ ਰਮਨਦੀਪ ਸਿੰਘ ਅਤੇ ਕਾਨੂੰਨਗੋ ਲਖਵੀਰ ਸਿੰਘ ਵੀ ਹਾਜ਼ਰ ਸਨ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਈਵੀਐਮ ਵੇਅਰਹਾਊਸ ਦੀ ਮਹੀਨਾਵਾਰ ਜਾਂਚ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਰਹੇ ਹਾਜ਼ਰ
