ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਕਤੂਬਰ:- ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਸ੍ਰੀ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਮੋਹਾਲੀ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 01 ਕਿੱਲੋ 500 ਗ੍ਰਾਮ (ਡੇਢ ਕਿੱਲੋ) ਅਫੀਮ ਬਰਾਮਦ ਕੀਤੀ ਹੈ। ਇਹ ਕਾਰਵਾਈ ਓਪਰੇਸ਼ਨ ਸੈੱਲ ਮੋਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਟੀਮ ਵੱਲੋਂ ਕੀਤੀ ਗਈ। ਇਹ ਕਾਰਵਾਈ ਕਪਤਾਨ ਪੁਲਿਸ (ਓਪਰੇਸ਼ਨ) ਸ੍ਰੀ ਅਕਾਸ਼ਦੀਪ ਔਲਖ, ਕਪਤਾਨ ਪੁਲਿਸ (ਜਾਂਚ) ਸ੍ਰੀ ਸੌਰਵ ਜਿੰਦਲ ਅਤੇ ਉਪ ਕਪਤਾਨ ਪੁਲਿਸ (ਜਾਂਚ) ਜ਼ਿਲ੍ਹਾ ਐਸ.ਏ.ਐਸ. ਨਗਰ ਸ੍ਰੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ।

22 ਅਕਤੂਬਰ 2026 ਨੂੰ ਓਪਰੇਸ਼ਨ ਸੈੱਲ ਮੋਹਾਲੀ ਦੀ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ। ਜਦੋਂ ਟੀਮ ਐਚ ਬਲਾਕ, ਐਰੋਸਿਟੀ, ਮੋਹਾਲੀ ਦੀਆਂ ਟ੍ਰੈਫਿਕ ਲਾਈਟਾਂ ਵੱਲ ਜਾਂਦੀ ਸਲਿੱਪ ਰੋਡ ਨੇੜੇ ਪਹੁੰਚੀ ਤਾਂ ਉੱਥੇ ਦੋ ਨੌਜਵਾਨ ਖੜ੍ਹੇ ਦਿਖਾਈ ਦਿੱਤੇ। ਉਨ੍ਹਾਂ ਦੀ ਮੁੱਢਲੀ ਜਾਂਚ ਕੀਤੀ ਗਈ। ਉਨ੍ਹਾਂ ਦੀਆਂ ਬਾਹਾਂ ਵਿੱਚ ਪਾਏ ਵੱਖ-ਵੱਖ ਪਿੱਠੂ ਬੈਗਾਂ ਵਿੱਚੋਂ ਅਫੀਮ ਬਰਾਮਦ ਹੋਈ। ਤੋਲਣ ’ਤੇ ਅਫੀਮ ਦੀ ਕੁੱਲ ਮਾਤਰਾ 01 ਕਿੱਲੋ 500 ਗ੍ਰਾਮ ਪਾਈ ਗਈ। ਇਸ ਸਬੰਧੀ ਮੁਲਜ਼ਮਾਂ ਵਿਰੁੱਧ ਥਾਣਾ ਜ਼ੀਰਕਪੁਰ ਵਿਖੇ ਮੁਕੱਦਮਾ ਨੰਬਰ 605, ਮਿਤੀ 22 ਅਕਤੂਬਰ 2026, ਧਾਰਾ 18-61-85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਮੁਲਜ਼ਮਾਂ ਤੋਂ ਪੁੱਛਗਿੱਛ:

1. ਚੰਦਰ ਸੇਨ ਉਰਫ਼ ਬਬਲੂ ਪੁੱਤਰ ਜਗਦੀਸ਼, ਵਾਸੀ ਪਿੰਡ ਸਿਵਾਈਕੇ ਨੰਗਲਾ, ਥਾਣਾ ਕਾਦਰ ਚੌਂਕ, ਜ਼ਿਲ੍ਹਾ ਬਦਾਯੂੰ, ਉੱਤਰ ਪ੍ਰਦੇਸ਼, ਉਮਰ ਕਰੀਬ 28 ਸਾਲ। ਉਸ ਨੇ ਪੰਜਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਅਤੇ ਉਹ ਵਿਆਹਿਆ ਹੋਇਆ ਹੈ। ਉਸ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।

2. ਟਿੰਕੂ ਪੁੱਤਰ ਦਇਆ ਰਾਮ, ਵਾਸੀ ਪਿੰਡ ਸਿਵਾਇਆ ਹਾਮਿਦਪੁਰ, ਥਾਣਾ ਕਾਦਰ ਚੌਂਕ, ਜ਼ਿਲ੍ਹਾ ਬਦਾਯੂੰ, ਉੱਤਰ ਪ੍ਰਦੇਸ਼, ਉਮਰ ਕਰੀਬ 25 ਸਾਲ। ਉਸ ਨੇ ਪੜ੍ਹਾਈ-ਲਿਖਾਈ ਨਹੀਂ ਕੀਤੀ ਅਤੇ ਉਹ ਵਿਆਹਿਆ ਹੋਇਆ ਹੈ। ਉਸ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।

ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਅਫੀਮ ਕਿਸ ਵਿਅਕਤੀ ਤੋਂ ਖਰੀਦਦੇ ਸਨ ਅਤੇ ਕਿੱਥੇ-ਕਿੱਥੇ ਸਪਲਾਈ ਕਰਦੇ ਸਨ। ਇਸ ਗੈਰ-ਕਾਨੂੰਨੀ ਧੰਦੇ ਵਿੱਚ ਉਨ੍ਹਾਂ ਨਾਲ ਜੁੜੇ ਹੋਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।