ਨਵਾਂਸ਼ਹਿਰ 7 ਦਸੰਬਰ:-ਪੰਜਾਬ ਸਰਕਾਰ ਵੱਲੋਂ ਹੜੵਾਂ ਉਪਰੰਤ ਕਿਸਾਨਾਂ ਨੂੰ ਰਾਹਤ ਦੇਣ ਲਈ 'ਜਿਸਦਾ ਖੇਤ ਉਸਦੀ ਰੇਤ ਪੋਲਿਸੀ' ਦਾ ਐਲਾਨ ਕਰਕੇ ਆਪਣੀ ਬੱਲੇ ਬੱਲੇ ਤਾਂ ਕਰਵਾ ਲਈ ਗਈ ਪਰ ਇਸ ਦੀ ਆੜ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਰੋਕਣ ਲਈ ਕੋਈ ਕਦਮ ਨਹੀਂ ਪੁੱਟੇ ਜਾ ਰਹੇ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਦੀ ਇਹ ਲਾਪਰਵਾਹੀ ਇਵੇਂ ਚਲਦੀ ਰਹੀ ਤਾਂ ਇਸ ਸਾਲ ਦੇ ਹੜੵਾਂ ਵਰਗੀ ਸਥਿਤੀ ਭਵਿੱਖ ਵਿੱਚ ਮੁੜ ਪੈਦਾ ਹੋ ਸਕਦੀ ਹੈ, ਜੋ ਰਾਹੋਂ ਲਾਗਲੇ ਕਈ ਪਿੰਡਾਂ ਦੀ ਤਬਾਹੀ ਦਾ ਕਾਰਨ ਬਣੇਗੀ"-ਇਹਨਾਂ ਵਿਚਾਰਾਂ ਦਾ ਪ੍ਰਗਟਾਵਾ 'ਨਰੋਆ ਪੰਜਾਬ' ਸੰਸਥਾ ਦੇ ਸਰਪ੍ਰਸਤ ਸ. ਬਰਜਿੰਦਰ ਸਿੰਘ ਹੁਸੈਨਪੁਰ ਹੁਰਾਂ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਕਰਕੇ ਕੀਤਾ।
ਸ. ਬਰਜਿੰਦਰ ਸਿੰਘ ਹੁਸੈਨਪੁਰ ਹੁਰਾਂ ਨੇ ਦੱਸਿਆ ਕਿ ਰਾਹੋਂ ਲਾਗੇ ਸੈਦਪੁਰ, ਕਨੌਣ, ਨਿਆਮਤਪੁਰ ਅਤੇ ਕੁਝ ਹੋਰ ਪਿੰਡਾਂ ਵਿੱਚ ਸਤਲੁਜ ਦਰਿਆ 'ਚੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਨਾਲ ਬੰਨ੍ਹ ਨੂੰ ਨੁਕਸਾਨ ਹੋਣ ਦਾ ਪੂਰਾ ਖਤਰਾ ਬਣਿਆ ਹੋਇਆ ਹੈ। ਦਰਿਆ ਵਿੱਚ ਪੋਕਲਾਈਨ, ਜੇਸੀਬੀ ਅਤੇ ਹੋਰ ਵੱਡੀਆਂ ਮਸ਼ੀਨਾਂ ਦੀ ਵਰਤੋਂ ਕਰਕੇ ਅਤੇ ਓਵਰਲੋਡ ਟਿੱਪਰ ਬਿਨਾਂ ਕਿਸੇ ਨਿਗਰਾਨੀ ਤੋਂ ਲੰਘਾ ਕੇ ਵੱਖ-ਵੱਖ ਕਾਨੂੰਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਇਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਪ੍ਰਸ਼ਾਸਨਿਕ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਕਿਸੇ 'ਤੇ ਕੋਈ ਅਸਰ ਨਹੀਂ ਹੋ ਰਿਹਾ। ਉਹਨਾਂ ਰਾਜਸੀ ਆਗੂਆਂ 'ਤੇ ਵੀ ਸਵਾਲ ਚੁੱਕੇ ਜਿਹੜੇ ਵੋਟਾਂ ਲਈ ਆਪਣੇ ਹਲਕੇ ਨੂੰ ਆਪਣਾ ਪਰਿਵਾਰ ਦੱਸਦੇ ਹਨ ਪਰ ਨਜਾਇਜ਼ ਮਾਈਨਿੰਗ ਅਤੇ ਵਾਤਾਵਰਨ ਦੇ ਨੁਕਸਾਨ 'ਤੇ ਇਹ ਲੋਕਾਂ ਦੇ ਖਿਲਾਫ ਭੁਗਤਦੇ ਹਨ।
ਇਸ ਵੇਲੇ ਲੋਕ ਨਜਾਇਜ਼ ਮਾਈਨਿੰਗ ਅਤੇ ਓਵਰਲੋਡ ਟਿੱਪਰਾਂ ਦੀ ਆਵਾਜਾਈ ਤੋਂ ਦੁਖੀ ਹਨ ਪਰ ਰਾਜਸੀ ਆਗੂ ਜਾਂ ਤਾਂ ਮਾਈਨਿੰਗ ਮਾਫੀਆ ਤੋਂ ਡਰਦੇ ਹਨ ਜਾਂ ਉਹਨਾਂ ਦੀ ਮਿਲੀ-ਭੁਗਤ ਹੈ ਕਿਉਂਕਿ ਕੋਈ ਵੀ ਆਗੂ ਇਸ ਮੁੱਦੇ 'ਤੇ ਕੁਝ ਕਰਨਾ ਤਾਂ ਦੂਰ ਦੀ ਗੱਲ ਮੂੰਹ ਖੋਲ੍ਹਣ ਲਈ ਵੀ ਤਿਆਰ ਨਹੀਂ।
ਉਹਨਾਂ ਕਿਹਾ ਕਿ ਕੱਲ੍ਹ ਤੋਂ ਸਤਲੁਜ ਦਰਿਆ ਦੇ ਕੰਢੇ 'ਤੇ ਇਲਾਕੇ ਦੇ ਲੋਕਾਂ ਵੱਲੋਂ ਸਰਕਾਰ ਨੂੰ ਜਗਾਉਣ ਲਈ ਪੱਕਾ ਮੋਰਚਾ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਨਜਾਇਜ਼ ਮਾਈਨਿੰਗ ਅਤੇ ਓਵਰਲੋਡ ਟਿੱਪਰਾਂ ਦੀ ਸਮੱਸਿਆ ਦਾ ਪੱਕਾ ਹੱਲ ਹੋਣ ਤੱਕ ਜਾਰੀ ਰਹੇਗਾ। ਇਸ ਮੌਕੇ ਤੇ ਸ. ਅਜੀਤ ਸਿੰਘ ਸੈਦਪੁਰ, ਸ੍ਰੀ ਬਲਦੇਵ ਰਾਜ ਸਾਬਕਾ ਸਰਪੰਚ, ਸ਼੍ਰੀ ਸ਼ਿੰਗਾਰਾ ਸਿੰਘ ਨਿਆਮਤਪੁਰ, ਸ਼੍ਰੀ ਕਸ਼ਮੀਰ ਸਿੰਘ ਕਨੌਣ, ਸ੍ਰੀ ਰਾਮ ਪਾਲ ਅਤੇ ਸਰਦਾਰ ਸਿੰਘ ਸੈਦਪੁਰ ਆਦਿ ਵੀ ਸ਼ਾਮਿਲ ਸਨ।
ਮਾਈਨਿੰਗ ਮਾਫ਼ੀਆ ਹੋਇਆ ਦਿਨ ਰਾਤ ਸਰਗਰਮ ਅੱਕੇ ਲੋਕ ਹੋਏ ਉਨ੍ਹਾਂ ਤੇ ਗਰਮ
