ਚੰਡੀਗੜ੍ਹ:- ਭਾਰਤੀ ਫ਼ੌਜ ਵੱਲੋਂ ਮਿਲਕਫੈੱਡ ਦੇ ਸਪਲਾਈ ਕੀਤੇ ਜਾਂਦੇ ਸੁੱਕੇ ਦੁੱਧ (ਦੁੱਧ ਦੇ ਪਾਊਡਰ) ਦੀ ਪੂਰੀ ਖੇਪ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਸਹਿਕਾਰੀ ਖੇਤਰ ਦੇ ਅਦਾਰੇ ਵੱਲੋਂ ਅੱਜ ਕਾਰਵਾਈ ਕਰਦਿਆਂ ਲੁਧਿਆਣਾ ਸਥਿਤ ਆਪਣੀ ਡੇਅਰੀ ਯੂਨਿਟ ਦੇ ਜਨਰਲ ਮੈਨੇਜਰ ਅਤੇ ਕੁਆਲਿਟੀ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਜਨਰਲ ਮੈਨੇਜਰ ਦਲਜੀਤ ਸਿੰਘ ਅਤੇ ਕੁਆਲਿਟੀ (ਗੁਣਵੱਤਾ) ਮੈਨੇਜਰ ਗੁਰਇਕਬਾਲ ਸਿੰਘ ਨੂੰ ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਇੰਪਲਾਈਜ਼ ਸਰਵਿਸ ਰੂਲਜ਼, 2023 ਦੇ ਨਿਯਮ 61 ਤਹਿਤ ਕਥਿਤ ਗੰਭੀਰ ਲਾਪ੍ਰਵਾਹੀ ਲਈ ਮੁਅੱਤਲ ਕੀਤਾ ਗਿਆ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਵੇਰਕਾ ਉਤਪਾਦਾਂ ਦੇ ਗੁਣਵੱਤਾ ਕੰਟਰੋਲ ਵਿੱਚ ਗੰਭੀਰ ਕੁਤਾਹੀ ਮਿਲਕਫੈੱਡ ਦੀ ਭਰੋਸੇਯੋਗਤਾ ਨੂੰ ਵੱਡੀ ਸੱਟ ਮਾਰਦੀ ਹੈ।
ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਭੇਜੀ ਗਈ 125 ਮੀਟਰਿਕ ਟਨ ਸੁੱਕਾ ਦੁੱਧ ਪਾਊਡਰ ਦੀ ਖੇਪ ਨੂੰ ਰੱਦ ਕੀਤੇ ਜਾਣ ਬਾਰੇ 12 ਫਰਵਰੀ ਨੂੰ ਮਿਲਕਫੈੱਡ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ। ਮਿਲਕਫੈੱਡ ਅਧਿਕਾਰੀਆਂ ਦੀ ਅਪੀਲ 'ਤੇ ਸੈਂਪਲ (753 ਕਿਲੋਗ੍ਰਾਮ) ਦੀ ਦੁਬਾਰਾ ਜਾਂਚ ਕੀਤੀ ਗਈ ਅਤੇ 16 ਮਾਰਚ ਨੂੰ ਫਿਰ ਤੋਂ ਰੱਦ ਕਰ ਦਿੱਤਾ ਗਿਆ। ਸੈਂਪਲ ਨੂੰ ਕਥਿਤ ਤੌਰ 'ਤੇ ਦੁੱਧ ਦੇ ਪਾਊਡਰ ਵਿੱਚ ਕੁਝ ਬਾਹਰੀ ਤੱਤਾਂ ਦੀ ਮੌਜੂਦਗੀ ਕਾਰਨ ਰੱਦ ਕੀਤਾ ਗਿਆ ਸੀ।
ਮਿਲਕਫੈੱਡ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਕੇਵਲ ਇੱਕ ਵਾਰ ਦੀ ਘਟਨਾ ਸੀ ਅਤੇ ਉਹ ਹਰ ਸਾਲ ਭਾਰਤੀ ਫੌਜ ਨੂੰ 100 ਕਰੋੜ ਰੁਪਏ ਦੇ ਵੇਰਕਾ ਉਤਪਾਦ ਯੂ ਐੱਚ ਟੀ ਪੈਕਡ ਦੁੱਧ, ਪਨੀਰ, ਲੱਸੀ ਅਤੇ ਫਲੇਵਰਡ ਦੁੱਧ ਦੀ ਸਪਲਾਈ ਕਰਦੇ ਹਨ। ਮਿਲਕਫੈੱਡ ਦੇ ਐੱਮ ਡੀ ਰਾਹੁਲ ਗੁਪਤਾ ਨੇ ਦੱਸਿਆ, 'ਸਾਡੀ ਸਪਲਾਈ ਜਾਰੀ ਹੈ ਅਤੇ ਫੌਜ ਸਾਡੇ ਉਤਪਾਦ ਖਰੀਦਣ ਕਰ ਕੇ ਸਾਡੇ ਲਈ ਅਹਿਮ ਹੈ। ਮਿਲਕਫੈੱਡ ਬਾਜ਼ਾਰ ਵਿਚ ਆਪਣੇ ਉਤਪਾਦਾਂ ਦਾ ਭਰੋਸਾ ਬਣਾਈਰੱਖਣ ਲਈਕੱਚਾ ਮਾਲ ਤੇ ਉਸ ਦੀ ਪ੍ਰਕਿਰਿਆ ਅਤੇ ਤਿਆਰ ਉਤਪਾਦ ਦੇ ਵੱਖ ਵੱਖ ਪੜਾਵਾਂ ’ਤੇ ਜਾਂਚ ਕਰਦਾ ਹੈ।’
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਮੁਅੱਤਲੀ ਦੌਰਾਨ ਦਲਜੀਤ ਸਿੰਘ ਅਤੇ ਗੁਰਇਕਬਾਲ ਸਿੰਘ ਮੁੱਖ ਦਫਤਰ ਵਿਚ ਤਾਇਨਾਤ ਰਹਿਣਗੇ। ਮਿਲਕਫੈੱਡ ਦੇ ਐੱਮ.ਡੀ. ਰਾਹੁਲ ਗੁਪਤਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਮਿਲਕਫੈੱਡ ਦਾ ਜਨਰਲ ਮੈਨੇਜਰ ਅਤੇ ਕੁਆਲਿਟੀ ਮੈਨੇਜਰ ਮੁਅੱਤਲ ਭਾਰਤੀ ਫ਼ੌਜ ਵੱਲੋਂ ਸੁੱਕੇ ਦੁੱਧ ਦੀ ਖੇਪ ਰੱਦ ਕੀਤੇ ਜਾਣ ਤੋਂ ਬਾਅਦ ਹੋਈ ਕਾਰਵਾਈ
