ਗੜ੍ਹਸ਼ੰਕਰ, 10 ਅਕਤੂਬਰ (ਹਰੀ ਕ੍ਰਿਸ਼ਨ ਗੰਗੜ):- ਇਲਾਕੇ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਦੇ ਇਤਿਹਾਸ ਵਿਭਾਗ ਵੱਲੋਂ “ਭਾਰਤ ਵਿੱਚ ਬਸਤੀਵਾਦੀ ਸ਼ਾਸਨ ਅਤੇ ਆਰਥਿਕਤਾ” ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਤੋਂ ਐਸੋਸੀਏਟ ਪ੍ਰੋਫੈਸਰ ਡਾ. ਤਾਰਿਕ ਅਹਿਮਦ ਸ਼ੇਖ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਪ੍ਰੋਫੈਸਰ ਅਰਾਧਨਾ ਦੁੱਗਲ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਤਿਹਾਸ ਵਿਭਾਗ ਦੇ ਮੁਖੀ ਡਾ. ਦੇਵ ਕੁਮਾਰ ਨੇ ਮੁੱਖ ਬੁਲਾਰੇ ਡਾ. ਤਾਰਿਕ ਅਹਿਮਦ ਸ਼ੇਖ ਦੀਆਂ ਅਕਾਦਮਿਕ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬ੍ਰਿਟਿਸ਼ ਰਾਜ ਦੌਰਾਨ ਦੇਸ਼ ਦੀ ਆਰਥਿਕਤਾ ’ਤੇ ਪਏ ਪ੍ਰਭਾਵਾਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਮੁੱਖ ਬੁਲਾਰੇ ਡਾ. ਤਾਰਿਕ ਅਹਿਮਦ ਨੇ ਪਲਾਸੀ ਅਤੇ ਬਕਸਰ ਦੀਆਂ ਲੜਾਈਆਂ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਦੇ ਮੁੱਢਲੇ ਵਪਾਰਕ ਉੱਦਮਾਂ ਤੋਂ ਲੈ ਕੇ 1857 ਦੇ ਵਿਦਰੋਹ ਤੱਕ ਦੇਸ਼ ਦੀ ਆਰਥਿਕਤਾ ’ਤੇ ਬਸਤੀਵਾਦੀ ਨੀਤੀਆਂ ਦੇ ਪਏ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਪਹਿਲਾਂ ਈਸਟ ਇੰਡੀਆ ਕੰਪਨੀ ਦੇ ਰੂਪ ਵਿੱਚ ਅਤੇ ਬਾਅਦ ਵਿੱਚ ਹਾਕਮਾਂ ਵਜੋਂ ਅੰਗਰੇਜ਼ਾਂ ਦੇ ਬਸਤੀਵਾਦੀ ਰਾਜ ਦਾ ਭਾਰਤ ਦੀ ਖੇਤੀਬਾੜੀ, ਘਰੇਲੂ ਉਦਯੋਗਾਂ, ਹਸਤਕਲਾ, ਦਸਤਕਾਰੀ ਅਤੇ ਹੋਰ ਕਿੱਤਿਆਂ ’ਤੇ ਪਏ ਅਸਰਾਂ ਅਤੇ ਦੇਸ਼ ਦੀ ਲਗਾਤਾਰ ਵਿਗੜਦੀ ਆਰਥਿਕ ਹਾਲਤ ਬਾਰੇ ਖੋਜ-ਆਧਾਰਿਤ ਵਿਚਾਰ ਪੇਸ਼ ਕੀਤੇ।
ਇਸ ਤੋਂ ਬਾਅਦ ਉਨ੍ਹਾਂ ਨੇ 1947 ਤੱਕ ਦੇਸ਼ ਦੇ ਖੇਤੀਬਾੜੀ ਅਰਥਚਾਰੇ, ਮਜ਼ਦੂਰਾਂ, ਖੇਤੀਬਾੜੀ-ਆਧਾਰਿਤ ਧੰਦਿਆਂ ਅਤੇ ਕਿਰਤ ਨਾਲ ਜੁੜੇ ਹੋਰ ਕਿੱਤਿਆਂ ’ਤੇ ਪਏ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕਤਾ ਨੂੰ ਬ੍ਰਿਟਿਸ਼ ਸਾਮਰਾਜੀ ਹਿੱਤਾਂ ਦੀ ਪੂਰਤੀ ਲਈ ਵਰਤਿਆ ਗਿਆ। ਲੈਕਚਰ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸਵਾਲ-ਜਵਾਬ ਵੀ ਕੀਤੇ।
ਮੰਚ ਸੰਚਾਲਨ ਡਾ. ਦੇਵ ਕੁਮਾਰ ਨੇ ਕੀਤਾ। ਇਸ ਮੌਕੇ ਪ੍ਰੋਫੈਸਰ ਅਨਿਲ ਕਲਸੀ, ਡਾ. ਜੇ. ਬੀ. ਸੇਖੋਂ, ਡਾ. ਆਰਤੀ ਸ਼ਰਮਾ, ਡਾ. ਤਾਰਾ ਦੇਵੀ, ਪ੍ਰੋਫੈਸਰ ਕੰਚਨ, ਡਾ. ਰਜਿੰਦਰ ਪ੍ਰਸਾਦ, ਪ੍ਰੋਫੈਸਰ ਅਮਨਦੀਪ ਕੌਰ, ਪ੍ਰੋਫੈਸਰ ਅਸ਼ੋਕ ਕੁਮਾਰ ਸਮੇਤ ਵਿਦਿਆਰਥੀ ਹਾਜ਼ਰ ਸਨ।
