ਕਪੂਰਥਲਾ:- ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵਿਖੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਮਾਣਿਤ ਉਰਦੂ ਭਾਸ਼ਾ ਸਿਖਲਾਈ ਕੋਰਸ ਛਿਮਾਹੀ ਤੌਰ ਤੇ ਸਾਲ ਵਿੱਚ ਦੋ ਵਾਰ ਕਰਵਾਇਆ ਜਾਂਦਾ ਹੈ। ਉਰਦੂ ਭਾਸ਼ਾ ਪੰਜਾਬੀ ਭਾਸ਼ਾ ਦੀ ਬੁਨਿਆਦੀ ਭਾਸ਼ਾ ਦੇ ਰੂਪ ਵਿੱਚ ਪਹਿਚਾਣੀ ਜਾਂਦੀ ਹੈ। ਇਸ ਭਾਸ਼ਾ ਦੀ ਆਪਣੀ ਵੱਖਰੀ ਖੂਬਸੂਰਤੀ ਤੇ ਉਚਾਰਣ ਲੈ ਮਈ ਹੁੰਦਾ ਹੈ। ਸਾਹਿਤਕਾਰਾਂ ਜਾਂ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ ਦੇ ਵੱਖ ਵੱਖ ਰੂਪਾਂ ਨੂੰ ਪੜ੍ਹਨ ਤੇ ਸਮਝਣ ਵਿੱਚ ਉਰਦੂ ਭਾਸ਼ਾ ਦੀ ਮੁੱਢਲੀ ਜਾਣਕਾਰੀ ਸਹਾਇਕ ਹੁੰਦੀ ਹੈ। ਉਰਦੂ ਭਾਸ਼ਾ ਦਾ ਗਿਆਨ ਪੰਜਾਬੀ ਬੋਲੀ ਨੂੰ ਸ਼ਿੰਗਾਰਨ ਵਿੱਚ ਮਦਦਗਾਰ ਹੁੰਦਾ ਹੈ!
ਆਪਣੇ ਉਚਾਰਨ ਅਤੇ ਖੂਬਸੂਰਤੀ ਕਰਕੇ ਹੀ ਇਹ ਭਾਸ਼ਾ ਕਵੀਆਂ, ਸਾਹਿਤਕਾਰਾਂ ਦੀ ਪਹਿਲੀ ਪਸੰਦ ਰਹੀ ਹੈ। ਅਜੋਕੇ ਸਮੇਂ ਵਿੱਚ ਵੀ ਕੁਝ ਸਰਕਾਰੀ ਵਿਭਾਗਾਂ ਜਿਵੇਂ ਤਹਿਸੀਲ, ਪਟਵਾਰਖਾਨਾ, ਅਦਾਲਤਾਂ ਆਦਿ ਦੇ ਕੰਮ ਕਾਜ ਵਿੱਚ ਉਰਦੂ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ। ਸਿਖਿਆਰਥੀਆਂ ਲਈ ਬਤੌਰ ਉਰਦੂ ਭਾਸ਼ਾ ਦਾ ਅਨੁਵਾਦਕ ਹੋਣਾ ਉਹਨਾਂ ਲਈ ਆਮਦਨ ਦੇ ਨਵੇਂ ਸਾਧਨ ਵੀ ਪੈਦਾ ਕਰ ਸਕਦਾ ਹੈ।
ਇਸ ਕੋਰਸ ਦੇ ਜਨਵਰੀ ਤੋਂ ਜੂਨ 2026 ਸੈਸ਼ਨ ਲਈ ਦਾਖ਼ਲਿਆਂ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਉਰਦੂ ਸਿਖ਼ਲਾਈ ਕੋਰਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਕੋਰਸ ਦੀ ਮਿਆਦ ਛੇ ਮਹੀਨੇ ਹੈ ਅਤੇ ਇਸ ਦਾਖ਼ਲੇ ਲਈ ਉਮੀਦਵਾਰ ਨੂੰ ਯਕਮੁਸ਼ਤ 500/- ਰੁਪਏ ਦੀ ਬਹੁਤ ਹੀ ਵਾਜ਼ਿਬ ਫ਼ੀਸ ਅਦਾ ਕਰਕੇ ਦਾਖ਼ਲਾ ਲਿਆ ਜਾ ਸਕਦਾ ਹੈ।
ਇਸ ਕੋਰਸ ਦੀਆਂ ਜਮਾਤਾਂ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ, ਕਪੂਰਥਲਾ ਵਿਖੇ ਕੰਮ ਵਾਲੇ ਦਿਨਾਂ ਦੌਰਾਨ ਸ਼ਾਮ 5 ਤੋਂ 6 ਵਜੇ ਤੱਕ ਲੱਗਦੀਆਂ ਹਨ। ਇਸ ਕੋਰਸ ਵਿੱਚ ਕਿਸੇ ਵੀ ਉਮਰ ਦਾ ਵਿਅਕਤੀ ਦਾਖ਼ਲਾ ਲੈ ਸਕਦਾ ਹੈ। ਦਾਖ਼ਲਾ ਲੈਣ ਲਈ ਪਤਾ: ਕਮਰਾ ਨੰਬਰ 404, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਆਪਣੇ ਦਸਤਾਵੇਜ਼ ਅਧਾਰ ਕਾਰਡ, ਪਾਸਪੋਰਟ ਸਾਈਜ਼ ਫ਼ੋਟੋ, ਜਨਮ ਮਿਤੀ ਦਾ ਸਬੂਤ, ਵਿੱਦਿਅਕ ਯੋਗਤਾ ਸਰਟੀਫ਼ਿਕੇਟ ਸਮੇਤ ਪਹੁੰਚ ਕਰ ਸਕਦੇ ਹਨ।
ਨੋਟ : ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ ਵਿਭਾਗਾਂ, ਵਿੱਦਿਅਕ ਸੰਸਥਾਵਾਂ ਨੂੰ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਇਸ ਕੋਰਸ ਬਾਰੇ ਆਪਣੇ ਅਧੀਨ ਆਉਂਦੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਨੋਟ ਕਰਵਾਇਆ ਜਾਵੇ।
ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਮਾਣਿਤ ਉਰਦੂ ਭਾਸ਼ਾ ਸਿਖਲਾਈ ਕੋਰਸ ਸੈਸ਼ਨ ਜਨਵਰੀ ਤੋਂ ਜੂਨ 2026 ਲਈ ਦਾਖ਼ਲਿਆਂ ਦੀ ਮੰਗ
