ਭਵਾਨੀਗੜ੍ਹ /ਸੰਗਰੂਰ, 13 ਸਤੰਬਰ:- ਖੇਡ ਵਿਭਾਗ ਪੰਜਾਬ ਵੱਲੋਂ ਸੂਬੇ ਦੀ ਨੌਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਬਲਾਕ ਭਵਾਨੀਗੜ੍ਹ ਦੇ ਮੁਕਾਬਲਿਆਂ ਦੇ ਦੂਜੇ ਦਿਨ ਵੀ ਖਿਡਾਰੀਆਂ ਦਾ ਜੋਸ਼ ਸਿਖਰਾਂ ’ਤੇ ਰਿਹਾ। ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਕਲਾ, ਫੁਰਤੀ ਅਤੇ ਟੀਮ ਭਾਵਨਾ ਨਾਲ ਮੈਦਾਨਾਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਐਥਲੈਟਿਕਸ, ਖੋ-ਖੋ, ਫੁੱਟਬਾਲ ਅਤੇ ਵਾਲੀਬਾਲ ਦੇ ਬਲਾਕ ਪੱਧਰੀ ਮੁਕਾਬਲੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ, ਘਰਾਚੋਂ ਵਿਖੇ, ਜਦਕਿ ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ ਦੇ ਮੁਕਾਬਲੇ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ, ਪੰਨਵਾਂ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਕ੍ਰਿਕਟ ਨੂੰ ਵੀ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।
ਨਤੀਜਿਆਂ ਬਾਰੇ ਉਨ੍ਹਾਂ ਦੱਸਿਆ ਕਿ ਫੁੱਟਬਾਲ ਦੇ 21 ਤੋਂ 30 ਸਾਲ ਲੜਕਿਆਂ ਦੇ ਵਰਗ ਵਿੱਚ ਪਿੰਡ ਘਰਾਚੋਂ ਦੀ ਟੀਮ ਨੇ ਬਖੋਪੀਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਐਥਲੈਟਿਕਸ ਦੇ 200 ਮੀਟਰ ਦੌੜ ਮੁਕਾਬਲੇ ਵਿੱਚ ਅਰਵਿੰਦਰ ਸਿੰਘ ਨੇ ਪਹਿਲਾ ਅਤੇ ਜਸ਼ਨਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਦੀ 400 ਮੀਟਰ ਦੌੜ ਵਿੱਚ ਖੁਸ਼ਵੀਰ ਕੌਰ ਪਹਿਲੇ ਅਤੇ ਗੁਰਨੂਰ ਕੌਰ ਦੂਜੇ ਸਥਾਨ ’ਤੇ ਰਹੀ। ਵਾਲੀਬਾਲ ਅੰਡਰ-21 ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਘਰਾਚੋਂ ਦੀ ਟੀਮ ਨੇ ਪਿੰਡ ਝਨੇੜੀ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ 21 ਤੋਂ 30 ਸਾਲ ਲੜਕਿਆਂ ਦੇ ਵਰਗ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਘਰਾਚੋਂ ਦੀ ਟੀਮ ਨੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਘਰਾਚੋਂ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ।
ਨਵਦੀਪ ਸਿੰਘ ਨੇ ਕਿਹਾ ਕਿ ਖੇਡ ਮੈਦਾਨਾਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਦੀ ਉਤਸ਼ਾਹਪੂਰਵਕ ਸ਼ਮੂਲੀਅਤ ਖੇਡਾਂ ਨੂੰ ਰੋਜ਼ਮਰ੍ਹਾ ਜੀਵਨ ਦਾ ਹਿੱਸਾ ਬਣਾਉਣ ਵੱਲ ਸੁਖਾਵਾਂ ਸੰਕੇਤ ਹੈ। ਉਨ੍ਹਾਂ ਖਿਡਾਰੀਆਂ ਨੂੰ ਜਿੱਤ-ਹਾਰ ਤੋਂ ਉੱਪਰ ਉੱਠ ਕੇ ਖੇਡ ਭਾਵਨਾ, ਅਨੁਸ਼ਾਸਨ ਅਤੇ ਨਿਰੰਤਰ ਮਿਹਨਤ ਨਾਲ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ।
ਖੇਡਾਂ ਵਤਨ ਪੰਜਾਬ ਦੀਆਂ ਨਾਲ ਭਵਾਨੀਗੜ੍ਹ ਦੇ ਮੈਦਾਨਾਂ ਚ ਚੜ੍ਹਿਆ ਖੇਡਾਂ ਦਾ ਰੰਗ ਦੂਜੇ ਦਿਨ ਖਿਡਾਰੀਆਂ ਨੇ ਵਿਖਾਇਆ ਦਮਖਮ
