ਸੁਨਾਮ, 15 ਸਤੰਬਰ, 2026:- 'ਖੇਡਾਂ ਵਤਨ ਪੰਜਾਬ ਦੀਆਂ' ਦੇ ਸੀਜ਼ਨ 4 ਤਹਿਤ ਬਲਾਕ ਸੁਨਾਮ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਅੱਜ ਪ੍ਰੀਤਮ ਸਿੰਘ ਪੀਤੂ, ਚੇਅਰਮੈਨ ਇੰਪਰੂਵਮੈਂਟ ਟਰੱਸਟ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਖੇਡਾਂ ਨਾਲ ਜੁੜੇ ਰਹਿਣ ਅਤੇ ਦੇਸ਼-ਵਿਦੇਸ਼ ਵਿੱਚ ਆਪਣੇ ਇਲਾਕੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਕਿਹਾ।
ਨਵਦੀਪ ਸਿੰਘ, ਜ਼ਿਲ੍ਹਾ ਖੇਡ ਅਫਸਰ, ਸੰਗਰੂਰ ਨੇ ਦੱਸਿਆ ਕਿ ਇਹਨਾਂ ਖੇਡਾਂ ਦੌਰਾਨ ਫੁਟਬਾਲ, ਖੋਹ-ਖੋਹ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ ਦੇ ਟੂਰਨਾਮੈਂਟ ਸ਼ਹੀਦ ਦਲੇਲ ਸਿੰਘ ਖੇਡ ਸਟੇਡੀਅਮ, ਛਾਹੜ ਵਿਖੇ ਕਰਵਾਏ ਜਾ ਰਹੇ ਹਨ ਅਤੇ ਖੇਡ ਕਬੱਡੀ ਸਰਕਲ ਸਟਾਈਲ, ਨੈਸ਼ਨਲ ਸਟਾਈਲ ਅਤੇ ਐਥਲੈਟਿਕਸ ਦਾ ਟੂਰਨਾਮੈਂਟ ਸ਼ਹੀਦ ਊਧਮ ਸਿੰਘ ਕਾਲਜ, ਸੁਨਾਮ ਵਿਖੇ ਕਰਵਾਇਆ ਜਾ ਰਿਹਾ ਹੈ।
ਖੇਡ ਵਿਭਾਗ, ਪੰਜਾਬ ਵੱਲੋਂ ਇਸ ਵਾਰ ਕ੍ਰਿਕਟ ਗੇਮ ਵੀ ਇਨ੍ਹਾਂ ਖੇਡਾਂ ਵਿੱਚ ਸ਼ਾਮਿਲ ਕਰ ਲਈ ਗਈ ਹੈ, ਜਿਸ ਤਹਿਤ ਕ੍ਰਿਕਟ ਟੂਰਨਾਮੈਂਟ ਵੀ ਕਰਵਾਇਆ ਜਾ ਰਿਹਾ ਹੈ।
ਇਹਨਾਂ ਖੇਡਾਂ ਵਿੱਚ ਖਿਡਾਰੀਆਂ ਵੱਲੋਂ ਵਧ ਚੜ੍ਹ ਕੇ ਭਾਗ ਲਿਆ ਜਾ ਰਿਹਾ ਹੈ ਅਤੇ ਵੱਖ-ਵੱਖ ਖੇਡਾਂ ਵਿੱਚ ਕੀਰਤੀਮਾਨ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਖੇਡਾਂ ਵਿੱਚ ਹਰ ਉਮਰ ਵਰਗ ਦੇ ਖਿਡਾਰੀ ਭਾਗ ਲੈ ਰਹੇ ਹਨ।
ਵਾਲੀਬਾਲ ਸ਼ੂਟਿੰਗ ਅੰ:17 (ਲੜਕੇ) ਦੇ ਹੋਏ ਖੇਡ ਮੁਕਾਬਲੇ ਦੌਰਾਨ ਮਹੰਤ ਅਮਰ ਸਿੰਘ ਸਪੋਰਟਸ ਕਲੱਬ ਬੀਰ ਕਲਾਂ ਦੀ ਟੀਮ ਨੇ ਪਿੰਡ ਚੱਠਾ ਨਨਹੇੜਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਦੇ ਉਮਰ ਵਰਗ (ਅੰ: 21 ਤੋਂ 30 ਸਾਲ) ਵਿੱਚ ਹਰਜੋਤ ਸਿੰਘ ਨੇ ਸਭ ਤੋਂ ਲੰਬੀ ਛਾਲ ਲਗਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗੋਇਨਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
