ਗੜ੍ਹਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੀ ਆਖਰੀ ਸਾਲ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਯੂ.ਪੀ.ਐੱਸ.ਸੀ. ਸਿਵਲ ਸਰਵਿਸਿਜ਼ ਦੀ ਮੁਫ਼ਤ ਕੋਚਿੰਗ ਲਈ ਨਿਸ਼ਚੈ ਅਕੈਡਮੀ ਦਾ ਦਾਖ਼ਲਾ ਟੈਸਟ ਪਾਸ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। 
ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਨਿਸਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਚੰਡੀਗੜ੍ਹ (ਨਿਸਚੈ ਅਕੈਡਮੀ) ਵਲੋਂ ਯੂ.ਪੀ.ਐੱਸ.ਸੀ. ਦੀ ਤਿਆਰੀ ਲਈ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ ਜਿਸ ਵਾਸਤੇ ਹਰ ਸਾਲ ਹਜ਼ਾਰਾਂ ਉਮੀਦਵਾਰ ਦਾਖ਼ਲਾ ਟੈਸਟ ਦਿੰਦੇ ਹਨ।
 ਉਨ੍ਹਾਂ ਦੱਸਿਆ ਕਿ ਕਾਲਜ ਵਿਦਿਆਰਥਣ ਕਿਰਨਦੀਪ ਕੌਰ ਨੇ ਦਾਖ਼ਲਾ ਟੈੱਸਟ ਪਾਸ ਕਰ ਲੈਣ ਨਾਲ ਉਸਨੇ ਆਪਣੇ ਮਾਪਿਆਂ ਅਤੇ ਅਦਾਰੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਰਨਦੀਪ ਕੌਰ ਦੀ ਇਹ ਪ੍ਰਾਪਤੀ ਉਸਦੀ ਅਕਾਦਮਿਕ ਯੋਗਤਾ ਅਤੇ ਯੂ.ਪੀ.ਐਸ.ਸੀ. ਵੱਲ ਉਸਦੇ ਜਜ਼ਬੇ ਦਾ ਨਤੀਜਾ ਹੈ।
 ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਅਤੇ ਸਮੂਹ ਸਟਾਫ਼ ਨੇ ਕਿਰਨਦੀਪ ਕੌਰ ਨੂੰ ਵਧਾਈ ਦਿੰਦੇ ਹੋਏ ਉਸਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਮੀਦ ਜਤਾਈ ਕਿ ਉਹ ਭਵਿੱਖ ਵਿਚ ਆਪਣੇ ਟੀਚੇ ਨੂੰ ਪੂਰਾ ਕਰਕੇ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ।