ਗੜ੍ਹਸ਼ੰਕਰ, 15 ਅਪਰੈਲ:- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਇਤਿਹਾਸ ਵਿਭਾਗ ਵਲੋਂ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਵਸ ਦੇ ਮੌਕੇ ‘ਤੇ ਦੋ ਵਿਸ਼ੇਸ਼ ਲੈਕਚਰਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡੀਏਵੀ ਕਾਲਜ ਹੁਸ਼ਿਆਰਪੁਰ ਤੋਂ ਪਿ੍ਰੰਸੀਪਲ ਵਿਨੈ ਕੁਮਾਰ ਨੇ ਡਾ ਭੀਮ ਰਾਓ ਅੰਬੇਡਕਰ ਵਲੋਂ ਭਾਰਤੀ ਸਮਾਜ ਨੂੰ ਪਾਏ ਬਹੁਪਰਤੀ ਯੋਗਦਾਨ ਬਾਰੇ ਅਤੇ ਜੀਜੀਡੀਐੱਸਡੀ ਕਾਲਜ ਹਰਿਆਣਾ ਤੋਂ ਪ੍ਰੋ ਸੁਰੇਸ਼ ਕੁਮਾਰ ਨੇ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਮੁੱਖ ਸੰਕਲਪਾਂ ਬਾਰੇ ਵਿਚਾਰ ਪੇਸ਼ ਕੀਤੇ।
 ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ,ਇਤਿਹਾਸ ਵਿਭਾਗ ਦੇ ਮੁਖੀ ਡਾ ਦੇਵ ਕੁਮਾਰ ਅਤੇ ਪ੍ਰੋ ਅਨਿਲ ਕਲਸੀ ਨੇ ਮਹਿਮਾਨ ਬੁਲਾਰਿਆਂ ਦਾ ਸਵਾਗਤ ਕੀਤਾ। ਇਸ ਮੌਕੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਪਾਠਕ੍ਰਮ ਤੋਂ ਬਾਹਰ ਗਿਆਨ ਵਿਗਿਆਨ, ਰਾਜਨੀਤੀ ਅਤੇ ਹੋਰ ਵਿਸ਼ਿਆਂ ਦਾ ਸਾਹਿਤ ਪੜ੍ਹ੍ਰਨ ਦੀ ਪ੍ਰੇਰਨਾ ਦਿੱਤੀ ਅਤੇ ਸਮਾਜ ਨੂੰ ਵੱਡਾ ਯੋਗਦਾਨ ਪਾਉਣ ਵਾਲੇ ਰਹਿਬਰਾਂ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ। 
ਸਮਾਰੋਹ ਦੇ ਪਹਿਲੇ ਬੁਲਾਰੇ ਪਿ੍ਰੰਸੀਪਲ ਵਿਨੈ ਕੁਮਾਰ ਨੇ ਕਿਹਾ ਕਿ ਡਾ ਅੰਬੇਡਕਰ ਨੂੰ ਸੰਵਿਧਾਨ ਨਿਰਮਾਤਾ ਅਤੇ ਦਲਿਤ ਸਮਾਜ ਦੇ ਸੁਧਾਰਵਾਦੀ ਆਗੂ ਵਜੋਂ ਜਾਣਿਆ ਜਾਂਦਾ ਹੈ ਪਰ ਉਨ੍ਹਾਂ ਦੀ ਸ਼ਖ਼ਸੀਅਤ ਦੇ ਹੋਰ ਵੀ ਅਨੇਕਾਂ ਪੱਖ ਸਨ। ਉਨ੍ਹਾਂ ਦੱਸਿਆ ਕਿ ਡਾ ਅੰਬੇਡਕਰ ਨੇ ਔਰਤਾਂ ਦੇ ਹੱਕਾਂ ਅਧਿਕਾਰਾਂ ਪ੍ਰਤੀ ਅਨੇਕਾਂ ਮਹੱਤਵਪੂਰਨ ਕੰਮ ਕੀਤੇ। ਉਨ੍ਹਾਂ ਨੇ ਮਜ਼ਦੂਰ ਜਮਾਤ ਦੀ ਭਲਾਈ ਲਈ, ਕਿਸਾਨ ਵਰਗ ਦੇ ਜਾਗੀਰਦਾਰਾਂ ਵਲੋਂ ਕੀਤੇ ਜਾਂਦੇ ਸੋਸ਼ਣ ਵਿਰੁੱਧ ਅਤੇ ਇਕ ਅਰਥ ਸ਼ਾਸਤਰੀ ਵਜੋਂ ਭਾਰਤੀ ਸਮਾਜ ਨੂੰ ਵੱਡਾ ਯੋਗਦਾਨ ਪਾਇਆ। 
ਉਨ੍ਹਾਂ ਕਿਹਾ ਕਿ ਵੀਹਵੀਂ ਸਦੀ ਦੇ ਮਹਾਨ ਵਿਚਾਰਕ ਡਾ ਅੰਬੇਡਕਰ ਵਲੋਂ ਸਮਾਜ ਦੇ ਹਰ ਵਰਗ ਦੇ ਸੁਧਾਰ ਲਈ ਕ੍ਰਾਂਤੀਕਾਰੀ ਕੰਮ ਕੀਤੇ ਹਨ ਜਿਸ ਪ੍ਰਤੀ ਵਿਦਿਆਰਥੀਆਂ ਨੂੰ ਹੋਰ ਗਹਿਰਾਈ ਨਾਲ ਪੜ੍ਹਨ ਦੀ ਲੋੜ ਹੈ।