ਪਟਿਆਲਾ, 25 ਮਈ - ਲਫਜ਼ਾਂ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖ਼ਰ ਮਰਹੂਮ ਸੁਰਜੀਤ ਪਾਤਰ ਦੀ ਯਾਦ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰ ਸਾਲ ਆਨੰਦਪੁਰ ਸਾਹਿਬ ਵਿਖੇ ਜਿੱਥੇ ਇਕ ਕਵੀ ਦਰਬਾਰ ਕਰਵਾਇਆ ਜਾਵੇਗਾ ਉੱਥੇ ਹੀ ਇੱਕ ਲਾਇਬਰੇਰੀ ਦੀ ਸਥਾਪਨਾ ਵੀ ਕੀਤੀ ਜਾਵੇਗੀ। ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਸੰਨੀ ਓਬਰਾਏ ਵਿਵੇਕ ਸਦਨ (ਐਡਵਾਂਸ ਇੰਸਟੀਚਿਊਟ) ਵਿਖੇ ਸੁਰਜੀਤ ਪਾਤਰ ਦੀ ਯਾਦ ਵਿੱਚ ਜਿੱਥੇ ਹਰ ਸਾਲ ਕਵੀ ਦਰਬਾਰ ਕਰਵਾਇਆ ਜਾਵੇਗਾ ਉਥੇ ਹੀ ਵਿਵੇਕ ਸਦਨ ਵਿੱਚ ਮੌਜੂਦ ਉਨ੍ਹਾਂ ਦੇ ਠਹਿਰਨ ਵਾਲੇ ਕਮਰੇ ਨੂੰ ਲਾਇਬ੍ਰੇਰੀ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੁੁੱਝ ਸਮਾਂ ਪਹਿਲਾਂ ਆਨੰਦਪੁਰ ਸਾਹਿਬ ਵਿਚਲੇ ਸੰਨੀ ਓਬਰਾਏ ਵਿਵੇਕ ਸਦਨ ਅਤੇ ਅਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵਿਖੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਦੋ ਦਿਨਾਂ ਵਿਸ਼ਵ ਪੱਧਰੀ ਕਾਨਫਰੰਸ ਡਾ. ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਸੀ, ਜਿਸ ਵਿੱਚ ਪੰਜਾਬੀ ਦੇ 28 ਨਾਮਵਰ ਵਿਦਵਾਨ ਬੁਲਾਏ ਗਏ ਸਨ, ਜਿਸ ਦੌਰਾਨ ਡਾ: ਸੁਰਜੀਤ ਪਾਤਰ ਵੀ ਦੋ ਦਿਨ ਇੱਥੇ ਠਹਿਰੇ ਸਨ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਸੁਰਜੀਤ ਪਾਤਰ ਹੁਰੀਂ ਵਿਵੇਕ ਸਦਨ ਦੇ ਜਿਸ ਕਮਰੇ ਵਿੱਚ ਠਹਿਰੇ ਸਨ, ਉਸ ਕਮਰੇ 'ਚੋਂ ਦਿਸਦੇ ਕੁਦਰਤੀ ਨਜ਼ਾਰਿਆਂ ਨੂੰ ਵੇਖਦਿਆਂ ਸੁਰਜੀਤ ਪਾਤਰ ਹੁਰਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਕਮਰਾ, ਜਿਸ ਵਿਚ ਉਹ (ਪਾਤਰ ਸਾਹਿਬ) ਰਹੇ ਸੀ, ਉਹ ਉਨ੍ਹਾਂ ਨੂੰ ਪੱਕਾ ਅਲਾਟ ਕਰ ਦਿਉ। ਡਾ: ਓਬਰਾਏ ਨੇ ਦੱਸਿਆ ਕਿ ਉਸ ਦੌਰਾਨ ਹੀ ਮੈਂ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਇਹ ਕਮਰਾ ਪੱਕੇ ਤੌਰ 'ਤੇ ਤੁਹਾਡਾ ਹੈ। ਉਨ੍ਹਾਂ ਹੋਰ ਕਿਹਾ ਕਿ ਪਾਤਰ ਹੁਰਾਂ ਦੀ ਸਲਾਹ ਮੁਤਾਬਕ 52 ਚੋਣਵੇਂ ਕਵੀ ਤਿਆਰ ਕਰਕੇ ਅਨੰਦਪੁਰ ਸਾਹਿਬ ਵਿਖੇ ਚਾਰ ਰੋਜ਼ਾ ਕਵੀ ਦਰਬਾਰ ਕਰਵਾਉਣ ਦੀ ਯੋਜਨਾ ਬਣਾਈ ਗਈ ਸੀ, ਜਿਸ ਦੀ ਪ੍ਰਧਾਨਗੀ ਵੀ ਪਾਤਰ ਸਾਹਿਬ ਨੇ ਹੀ ਕਰਨੀ ਸੀ ਪਰ ਸੁਰਜੀਤ ਪਾਤਰ ਦੇ ਅਚਾਨਕ ਪਏ ਵਿਛੋੜੇ ਕਾਰਨ ਇਹ ਕਵੀ ਦਰਬਾਰ ਹੁਣ 2 ਮਹੀਨੇ ਅੱਗੇ ਪਾ ਦਿੱਤਾ ਗਿਆ ਹੈ, ਜਿਹੜਾ ਹੁਣ ਸੁਰਜੀਤ ਪਾਤਰ ਹੁਰਾਂ ਨੂੰ ਸਮਰਪਿਤ ਹੋਵੇਗਾ।
ਡਾ. ਓਬਰਾਏ ਨੇ ਸੁਰਜੀਤ ਪਾਤਰ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਦੱਸਿਆ ਕਿ ਪਾਤਰ ਸਾਹਿਬ ਨਾਲ ਉਨ੍ਹਾਂ ਦੀ ਬਹੁਤ ਗੂੜੀ ਮਿੱਤਰਤਾ ਸੀ ਅਤੇ ਉਹ ਸੰਨੀ ਓਬਰਾਏ ਵਿਵੇਕ ਸਦਨ ਅਤੇ ਅਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਦੀ ਪੰਜ ਮੈਂਬਰੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਵੀ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਸੁਰਜੀਤ ਪਾਤਰ ਅਕਸਰ ਉਨ੍ਹਾਂ ਕੋਲ ਦੁਬਈ ਵੀ ਆਉਂਦੇ ਸਨ ਅਤੇ ਉਨਾਂ ਵੱਲੋਂ ਉਨ੍ਹਾਂ ਦੇ ਸਮੁੰਦਰ ਸਾਹਮਣੇ ਵਾਲੇ ਘਰ ਦੀ ਬਾਲਕੋਨੀ ਵਿੱਚ ਬੈਠ ਕੇ ਕਈ ਰਚਨਾਵਾਂ ਵੀ ਲਿਖੀਆਂ ਸਨ। ਡਾ. ਓਬਰਾਏ ਨੇ ਕਿਹਾ ਕਿ ਬੇਸ਼ਕ ਪਾਤਰ ਹੁਰੀਂ ਸਰੀਰਕ ਤੌਰ 'ਤੇ ਸਾਨੂੰ ਛੱਡ ਗਏ ਹਨ ਪਰ ਰੂਹਾਨੀ ਤੌਰ 'ਤੇ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਹਰ ਪੰਜਾਬੀ ਨਾਲ ਜੁੜੀਆਂ ਰਹਿਣਗੀਆਂ।
ਸੁਰਜੀਤ ਪਾਤਰ ਦੀ ਯਾਦ 'ਚ ਹਰ ਸਾਲ ਕਰਵਾਇਆ ਜਾਵੇਗਾ ਕਵੀ ਦਰਬਾਰ : ਡਾ. ਓਬਰਾਏ
