ਨਵਾਂਸ਼ਹਿਰ 10 ਦਸੰਬਰ:- ਅੱਜ ਜੁਗਾੜੂ ਰੇਹੜਾ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਨਵਾਂਸ਼ਹਿਰ ਵਿਖੇ ਮੁਜਾਹਰਾ ਕੀਤਾ ਗਿਆ। ਇਹ ਮੁਜਾਹਰਾ ਬੱਸ ਅੱਡੇ ਤੋਂ ਚੱਲਕੇ ਚੰਡੀਗੜ੍ਹ ਚੌਂਕ ਤੋਂ ਹੁੰਦਾ ਹੋਇਆ ਆਰ ਟੀ ਓ ਦਫਤਰ ਪਹੁੰਚਿਆ। ਇਸ ਮੁਜਾਹਰੇ ਵਿੱਚ ਜੁਗਾੜੂ ਰੇਹੜੇ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਰੇਹੜਾ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਆਪਣੀ ਜਥੇਬੰਦਕ ਏਕਤਾ ਦਾ ਪ੍ਰਦਰਸ਼ਨ ਕੀਤਾ ਹੈ। 
ਇਸ ਇਕੱਠ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਇਫਟੂ ਦੇ ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ ਅਤੇ ਸਤੀਸ਼ ਕੁਮਾਰ ਨੇ ਕਿਹਾ ਕਿ ਜੁਗਾੜੂ ਰੇਹੜਿਆਂ ਵਾਲੇ ਪਿੰਡਾਂ ਵਿਚ ਸਬਜੀ ਵੇਚਣ ਦਾ ਕੰਮ ਕਰਦੇ ਹਨ, ਕਵਾੜ ਦਾ ਕੰਮ ਕਰਦੇ ਹਨ ਅਤੇ ਹੋਰ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ। ਇਥੋਂ ਤੱਕ ਕਿ ਕੁਕਿੰਗ ਗੈਸ ਦੇ ਸਿਲੰਡਰ ਵੀ ਘਰਾਂ ਵਿਚ ਸਪਲਾਈ ਹੁੰਦੇ ਹਨ। 
ਇਹ ਸਾਕਾਰ ਉੱਤੇ ਵੀ ਕੋਈ ਬੋਝ ਨਹੀਂ ਹਨ।ਉਹਨਾਂ ਕਿਹਾ ਕਿ ਇਸ ਸਮੇਂ ਆਟੋ ਇੰਡਸਟਰੀ ਵਿਕਰੀ ਦੇ ਵੱਡੇ ਸੰਕਟ ਵਿੱਚੋਂ ਲੰਘ ਰਹੀ ਹੈ। ਇਸ ਸਨਅਤ ਦੇ ਸਨਅਤਕਾਰਾਂ ਦੇ ਦਬਾਅ ਹੇਠ ਸਰਕਾਰ ਅਜਿਹੇ ਕਦਮ ਚੁੱਕ ਰਹੀ ਹੈ ਤਾਂ ਕਿ ਅਜਿਹੇ ਰੇਹੜੇ ਬੰਦ ਕਰਵਾਕੇ ਉਹਨਾਂ ਦੀਆਂ ਮਹਿੰਗੀਆਂ ਗੱਡੀਆਂ ਵਿਕਵਾ ਸਕੇ। ਨਵੇਂ ਕਨੂੰਨ ਰਾਹੀਂ 10 ਸਾਲ ਪੁਰਾਣੀ ਡੀਜ਼ਲ ਗੱਡੀਆਂ ਅਤੇ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਨੂੰ ਵੀ ਕਬਾੜ ਐਲਾਨਣ ਦੀ ਯੋਜਨਾ ਲੋਕਾਂ ਦੇ ਤਿੱਖੇ ਵਿਰੋਧ ਕਾਰਨ ਅਜੇ ਰੁਕੀ ਹੋਈ ਹੈ। 
ਜੁਗਾੜੂ ਰੇਹੜਾ ਵਰਕਰ ਯੂਨੀਅਨ ਦੇ ਪ੍ਰਧਾਨ ਨਿੱਕੂ ਰਾਮ, ਸਕੱਤਰ ਬੀਰ ਬਹਾਦੁਰ, ਮਨੀਸ਼ ਕੁਮਾਰ ਅਤੇ ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਨੇ ਕਿਹਾ ਕਿ ਉਹ ਹਰ ਹਾਲ ਵਿਚ ਆਪਣੇ ਕਿੱਤੇ ਦੀ ਰੱਖਿਆ ਕਰਨਗੇ।