ਹਰੋਲੀ/ਊਨਾ, 21 ਜੂਨ (ਰਾਜਵੀਰ ਚੋਪੜਾ):- ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ, ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜੋਤੀ-ਜੋਤ ਦਿਵਸ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰਦਿਆਂ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਪ੍ਰੋਗਰਾਮ ਦੌਰਾਨ ਭਾਈ ਬਲਜਿੰਦਰ ਸਿੰਘ ਅਤੇ ਭਾਈ ਦੀਪਕ ਸਿੰਘ ਕੀਰਤਨੀ ਜਥੇ ਵੱਲੋਂ ਮਧੁਰ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਦੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਮਹਾਨ ਸਿੱਖਿਆਵਾਂ ਅਤੇ ਜੀਵਨ ਦਰਸ਼ਨ ਉੱਤੇ ਚਾਨਣਾ ਪਾਉਂਦਿਆਂ ਸੰਗਤ ਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ।
ਵਕਤਾਵਾਂ ਨੇ ਭਾਰਤ ਰਤਨ ਡਾ. ਭੀਮਰਾਓ ਰਾਮਜੀ ਅੰਬੇਡਕਰ ਦੇ ਜੀਵਨ ਸੰਘਰਸ਼ ਅਤੇ ਸਮਾਜ ਸੁਧਾਰ ਲਈ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਬਾਰੇ ਵੀ ਸੰਗਤ ਨੂੰ ਜਾਣੂ ਕਰਵਾਇਆ।
ਇਸ ਮੌਕੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਫਰਵਰੀ 2027 ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਉਨ੍ਹਾਂ ਨੇ ਖੇਤਰ ਦੀ ਸਮੁੱਚੀ ਸੰਗਤ ਅਤੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ 650ਵੇਂ ਪ੍ਰਕਾਸ਼ ਉਤਸਵ ਦੇ ਉਪਲੱਖ ਵਿੱਚ ਸਾਰੇ ਸ਼ਰਧਾਲੂ ਇਕਜੁੱਟ ਹੋ ਕੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਮੁੱਖ ਸਮਾਗਮ ਵਿੱਚ ਸ਼ਮੂਲੀਅਤ ਕਰਨ।
ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਪਿੰਡਾਂ ਵਿੱਚ ਮਨਾਏ ਜਾਣ ਵਾਲੇ ਪ੍ਰਕਾਸ਼ ਉਤਸਵ ਨਿਰਧਾਰਿਤ ਤਾਰੀਖ ਤੋਂ ਵੱਖਰੇ ਦਿਨਾਂ ਵਿੱਚ ਮਨਾਏ ਜਾਣ ਤਾਂ ਜੋ ਵੱਧ ਤੋਂ ਵੱਧ ਸੰਗਤ ਖੁਰਾਲਗੜ੍ਹ ਸਾਹਿਬ ਵਿਖੇ ਇਕੱਠੀ ਹੋ ਕੇ ਇਸ ਇਤਿਹਾਸਕ ਮੌਕੇ ਦੀ ਸ਼ੋਭਾ ਵਧਾ ਸਕੇ।
ਇਸ ਪ੍ਰੋਗਰਾਮ ਵਿੱਚ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ, ਬਾਬਾ ਹਰਭਜਨ ਸਿੰਘ (ਖ਼ਜ਼ਾਨਚੀ), ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਚਰਨ ਭਾਰਤੀ, ਚੌਧਰੀ ਜੀਤ ਸਿੰਘ ਸਮੇਤ ਹੋਰ ਪਤਵੰਤੇ ਸ਼ਰਧਾਲੂ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ। ਅੰਤ ਵਿੱਚ ਅਰਦਾਸ ਉਪਰੰਤ ਸੰਗਤ ਵਿੱਚ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ।
