ਅੰਬਾਲਾ, 25 ਜੁਲਾਈ:- ਗੁਰੂ ਹਰਗੋਬਿੰਦ ਸਾਹਿਬ ਹਾਈ ਸਕੂਲ (ਨਜ਼ਦੀਕ ਗੁਰਦੁਆਰਾ ਮੰਜੀ ਸਾਹਿਬ) ਅੰਬਾਲਾ ਸ਼ਹਿਰ ਦੀ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਅੱਜ ਕਮੇਟੀ ਦਾ ਨਵਾਂ ਪ੍ਰਧਾਨ ਚੁਣਨ ਲਈ ਸੱਦੀ ਗਈ ਜਿਸ ਵਿਚ ਸਾਰੇ ਮੈਂਬਰ ਮੌਜੂਦ ਸਨ। ਮੀਟਿੰਗ ਵਿਚ ਪਹਿਲੇ ਪ੍ਰਧਾਨ ਜਥੇਦਾਰ ਹਰਪਾਲ ਸਿੰਘ ਮਛੌਂਡਾ ਮੈਂਬਰ ਐਸਜੀਪੀਸੀ ਦੀ ਥਾਂ ਤੇਂ ਸਰਬਸੰਮਤੀ ਨਾਲ ਜਥੇਦਾਰ ਪਿਆਰਾ ਸਿੰਘ ਲਾਇਲਪੁਰੀ ਨੂੰ ਅਗਲੇ ਤਿੰਨ ਸਾਲਾਂ ਲਈ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਦੇ ਨਾਲ ਕੁਲਵੰਤ ਸਿੰਘ ਵਾਲੀਆ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
 ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਕਈ ਮੈਂਬਰਾਂ ਵੱਲੋਂ ਹਰਪਾਲ ਸਿੰਘ ਪਾਲੀ ਤੇ ਕੁਝ ਦੋਸ਼ ਲਾਏ ਗਏ ਸਨ ਜਿਸ ਕਰਕੇ ਉਨ੍ਹਾਂ ਨੂੰ ਬਦਲਣਾ ਪਿਆ। ਜਦੋਂ ਸੰਪਰਕ ਕਰਕੇ ਜਥੇਦਾਰ ਹਰਪਾਲ ਸਿੰਘ ਮਛੌਂਡਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੋਸ਼ਾਂ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਸਮੇਂ ਦੀ ਬਹੁਤ ਘਾਟ ਹੈ ਇਸ ਲਈ ਉਨ੍ਹਾਂ ਨੇ ਖ਼ੁਦ ਪ੍ਰਧਾਨਗੀ ਛੱਡੀ ਹੈ।
ਇਸ ਮੀਟਿੰਗ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਦੀ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਮਹਿੰਦਰ ਸਿੰਘ ਨੂੰ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਦੀ ਕਮੇਟੀ ਦਾ ਉਪ ਪ੍ਰਧਾਨ ਚੁਣ ਲਿਆ ਗਿਆ।
ਪ੍ਰਧਾਨ ਬਣਨ ਤੋਂ ਬਾਅਦ ਜਥੇਦਾਰ ਪਿਆਰਾ ਸਿੰਘ ਲਾਇਲਪੁਰੀ ਨੇ ਕਿਹਾ ਕਿ ਉਹ ਪਹਿਲਾਂ ਵੀ ਸਕੂਲ ਦੀ ਤਰੱਕੀ ਲਈ ਕੰਮ ਕਰ ਰਹੇ ਸਨ ਅਤੇ ਅੱਗੇ ਵੀ ਕਰਦੇ ਰਹਿਣਗੇ। ਇਸ ਮੌਕੇ ਤੇ ਸਕੂਲ  ਮੈਨੇਜਰ ਜਥੇਦਾਰ ਰਣਬੀਰ ਸਿੰਘ ਫੌਜੀ ਅਤੇ ਸੈਕਟਰੀ ਬਲਜੀਤ ਸਿੰਘ ਸਾਹਨੀ ਵੱਲੋਂ ਜਥੇਦਾਰ ਪਿਆਰਾ ਸਿੰਘ ਲਾਇਲਪੁਰੀ , ਕੁਲਵੰਤ ਸਿੰਘ ਵਾਲੀਆ ਅਤੇ ਮਹਿੰਦਰ ਸਿੰਘ ਨੂੰ ਦੁਸ਼ਾਲੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ ।ਮੈਂਬਰ ਨੇ ਦੱਸਿਆ ਕਿ ਜਥੇਦਾਰ ਪਿਆਰਾ ਸਿੰਘ ਲਾਇਲਪੁਰੀ ਇਸ ਤੋਂ ਪਹਿਲਾਂ ਵੀ ਦੋ ਵੇਰ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।