ਸ੍ਰੀਨਗਰ 20-09-2025:- ਜੰਮੂ ਅਤੇ ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗਵੇਜਿਜ਼ (JKAACL) ਵੱਲੋਂ ਅੱਜ ਇੱਕ ਖ਼ਾਸ ਪ੍ਰੋਗਰਾਮ “ ਸਾਹਿਤ ਕ ਰੂਬਰੂ” ਡਾ. ਬਲਜੀਤ ਸਿੰਘ ਰੈਣਾ — ਜੋ ਜੰਮੂ-ਕਸ਼ਮੀਰ ਦੇ ਸਭ ਤੋਂ ਵਿਸ਼ਿਸ਼ਟ ਪੰਜਾਬੀ ਲੇਖਕਾਂ ਵਿੱਚੋਂ ਇਕ ਹਨ — ਨਾਲ, ਕਾਨਫ਼ਰੰਸ ਰੂਮ, ਟੈਗੋਰ ਹਾਲ ਸ੍ਰੀਨਗਰ ਵਿੱਚ ਆਯੋਜਿਤ ਕੀਤਾ ਗਿਆ। ਮੰਚ ‘ਤੇ ਮੌਜੂਦ ਸਨ ਸ. ਅਜੀਤ ਸਿੰਘ ਮਸਤਾਨਾ, ਜੰਮੂ-ਕਸ਼ਮੀਰ ਦੇ ਪ੍ਰਸਿੱਧ ਲੇਖਕ ਅਤੇ ਸ਼੍ਰੀ ਪੋਪਿੰਦਰ ਸਿੰਘ ਪਾਰਸ, ਸੀਨੀਅਰ ਐਡੀਟਰ ਸ਼ੀਰਾਜ਼ਾ ਪੰਜਾਬੀ।
ਸਵਾਗਤੀ ਸੰਬੋਧਨ ਕਰਦੇ ਹੋਏ ਸ਼੍ਰੀ ਪੋਪਿੰਦਰ ਸਿੰਘ ਪਾਰਸ, ਐਡੀਟਰ ਸ਼ੀਰਾਜ਼ਾ ਪੰਜਾਬੀ, ਨੇ ਕਿਹਾ ਕਿ ਅਕੈਡਮੀ ਉਹਨਾਂ ਲੇਖਕਾਂ ਦੀ ਜ਼ਿੰਦਗੀ ਅਤੇ ਯੋਗਦਾਨ ਦੀ ਪਛਾਣ ਕਰਦੀ ਹੈ ਜੋ ਸਾਹਿਤ ਨੂੰ ਨਿਸ਼ਕਾਮ ਭਾਵਨਾ ਨਾਲ ਸਮਰਪਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਲੇਖਕ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਅਤੇ ਚੁਣੌਤੀਆਂ ਦੋਵੇਂ ਪ੍ਰਦਾਨ ਕਰਦੀਆਂ ਹਨ। ਇਸ ਸੰਦਰਭ ਵਿੱਚ ਉਨ੍ਹਾਂ ਡਾ. ਰੈਣਾ ਦੇ ਵਿਸ਼ਾਲ ਸਾਹਿਤਕ ਯੋਗਦਾਨ ਦੀ ਖ਼ਾਸ ਤੌਰ ‘ਤੇ ਪ੍ਰਸ਼ੰਸਾ ਕੀਤੀ।
ਇਸ ਤੋਂ ਬਾਅਦ ਪ੍ਰਸਿੱਧ ਸਾਹਿਤਕਾਰਾਂ ਸ. ਅਜੀਤ ਸਿੰਘ ਮਸਤਾਨਾ ਅਤੇ ਆਰ.ਐਸ. ਰਾਜਨ ਨੇ ਆਪਣੇ ਆਪਣੇ ਭਾਸ਼ਣ ਪੇਸ਼ ਕੀਤੇ, ਜਿਨ੍ਹਾਂ ਵਿੱਚ ਉਨ੍ਹਾਂ ਡਾ. ਰੈਣਾ ਦੀ ਪੰਜਾਬੀ ਸਾਹਿਤ ਨਾਲ ਜੀਵਨ ਭਰ ਦੀ ਅਟੁੱਟ ਜੁੜਤ, ਸਹਿਯੋਗੀ ਲੇਖਕਾਂ ਨਾਲ ਗਹਿਰੇ ਰਿਸ਼ਤੇ ਅਤੇ ਆਧੁਨਿਕ ਸਮੇਂ ਵਿੱਚ ਅਜਿਹੇ ਪ੍ਰੋਗਰਾਮਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਅਕੈਡਮੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਾਠਕਾਂ ਅਤੇ ਵਿਦਵਾਨਾਂ ਲਈ ਪ੍ਰਮੁੱਖ ਸਾਹਿਤਕ ਸ਼ਖਸੀਅਤਾਂ ਨਾਲ ਸਿੱਧਾ ਸੰਪਰਕ ਕਰਨ ਦਾ ਕੀਮਤੀ ਮੰਚ ਹੈ।
ਡਾ. ਬਲਜੀਤ ਸਿੰਘ ਰੈਣਾ ਨੇ ਆਪਣੇ ਨਿੱਜੀ ਤੇ ਸਾਹਿਤਕ ਸਫ਼ਰ ਦਾ ਜੀਵੰਤ ਵਰਣਨ ਕੀਤਾ। ਉਨ੍ਹਾਂ ਦੱਸਿਆ ਕਿ ਲਿਖਣ ਦੀ ਸ਼ੁਰੂਆਤ ਕਦੋਂ ਕੀਤੀ ਅਤੇ ਕਿਵੇਂ ਪੰਜਾਬੀ ਸਾਹਿਤ ਵਿੱਚ ਨਿਰੰਤਰ ਆਪਣਾ ਯੋਗਦਾਨ ਦਿੰਦੇ ਰਹੇ। ਉਨ੍ਹਾਂ ਪੰਜਾਬੀ, ਹਿੰਦੀ ਅਤੇ ਡੋਗਰੀ ਵਿੱਚ ਆਪਣੀਆਂ ਰਚਨਾਤਮਕ ਪ੍ਰਾਪਤੀਆਂ, ਅਨੁਵਾਦਕ ਕੰਮ ਅਤੇ ਅਕੈਡਮੀ ਦੇ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਖ਼ਾਸ ਕਰਕੇ ਉਨ੍ਹਾਂ ਸ. ਪੋਪਿੰਦਰ ਸਿੰਘ ਪਾਰਸ ਦੀ ਸ਼ੀਰਾਜ਼ਾ ਪੰਜਾਬੀ ਦੇ ਐਡੀਟਰ ਵਜੋਂ ਭੂਮਿਕਾ ਅਤੇ ਉਸਦੀ ਗੁਣਾਤਮਕ ਉੱਚਾਈਆਂ ਦੀ ਸਰਾਹਨਾ ਕੀਤੀ ਅਤੇ ਸ੍ਰੀਮਤੀ ਹਰਵਿੰਦਰ ਕੌਰ, ਸਕੱਤਰ JKAACL ਦਾ ਵੀ ਧੰਨਵਾਦ ਕੀਤਾ।
ਡਾ. ਰੈਣਾ ਦੇ ਜੀਵਨ ਅਤੇ ਸਾਹਿਤਕ ਯੋਗਦਾਨ ‘ਤੇ ਇਕ ਵਿਸਤ੍ਰਿਤ ਖੋਜ ਪੇਪਰ ਵੀ ਸ਼੍ਰੀ ਪੋਪਿੰਦਰ ਸਿੰਘ ਪਾਰਸ ਵੱਲੋਂ ਪੇਸ਼ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦੀ ਸਾਹਿਤਕ ਯਾਤਰਾ, ਪ੍ਰਾਪਤੀਆਂ ਅਤੇ ਪੰਜਾਬੀ, ਹਿੰਦੀ ਤੇ ਡੋਗਰੀ ਸਾਹਿਤ ਵਿੱਚ ਯੋਗਦਾਨ ਦਾ ਲਗਭਗ ਹਰ ਪੱਖ ਕਵਰ ਕੀਤਾ ਗਿਆ।
ਡਾ. ਰੈਣਾ, ਜਿਨ੍ਹਾਂ ਨੇ 41 ਪੁਸਤਕਾਂ ਦੀ ਰਚਨਾ ਕੀਤੀ ਹੈ, ਕਹਾਣੀ, ਕਵਿਤਾ, ਨਾਟਕ, ਅਨੁਵਾਦ ਅਤੇ ਫ਼ਿਲਮ ਸਕ੍ਰਿਪਟ ਆਦਿ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਨੂੰ ਕਈ ਪ੍ਰਸਿੱਧ ਇਨਾਮ ਮਿਲੇ ਹਨ, ਜਿਵੇਂ ਕਿ ਅਕੈਡਮੀ ਬੈਸਟ ਬੁੱਕ ਅਵਾਰਡ (ਤਿੰਨ ਵਾਰ), ਬੈਸਟ ਪਲੇ ਸਕ੍ਰਿਪਟ ਅਵਾਰਡ (2014), ਮਾਡਰਨ ਲਿਟਰੇਰੀ ਸਕਾਲਰ ਅਵਾਰਡ (ਪੰਜਾਬੀ ਅਕੈਡਮੀ, ਵੁਲਵਰਹੈਂਪਟਨ, ਯੂ.ਕੇ.), ਬੈਸਟ ਫ਼ਿਲਮ ਡਾਇਰੈਕਟਰ (ਫਿਕਸ਼ਨ), ਡਾ. ਰੰਧੀਰ ਸਿੰਘ ਚੰਦ ਮੈਮੋਰੀਅਲ ਅਵਾਰਡ, ਕੁੰਦਨ ਲਾਲ ਸੈਗਲ ਅਵਾਰਡ, ਬੈਸਟ ਫੀਚਰ ਫ਼ਿਲਮ ਡਾਇਰੈਕਟਰ (2023), ਅਤੇ ਚੰਬਲ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (2024) ਦਾ ਸਪੈਸ਼ਲ ਜੂਰੀ ਅਵਾਰਡ ਆਦਿ।
ਪ੍ਰੋਗਰਾਮ ਦੀ ਕਾਰਵਾਈ ਸ਼੍ਰੀ ਇਛਪਾਲ ਸਿੰਘ ਨੇ ਚਲਾਈ, ਜਦਕਿ ਧੰਨਵਾਦੀ ਭਾਸ਼ਣ ਸ਼੍ਰੀ ਪੋਪਿੰਦਰ ਸਿੰਘ ਪਾਰਸ ਨੇ ਪੇਸ਼ ਕੀਤਾ। ਸਮਾਗਮ ਵਿੱਚ ਪ੍ਰਸਿੱਧ ਲੇਖਕਾਂ, ਬੁੱਧੀਜੀਵੀਆਂ ਅਤੇ ਸਰਕਾਰੀ ਮਹਿਲਾ ਹਾਇਰ ਸੈਕੰਡਰੀ ਸਕੂਲ ਰਾਜਬਾਗ ਦੀ ਪਿ੍ੰਸਪਲ ਰਾਜਿੰਦਰ ਕੌਰ ਵਲੋਂ ਭੇਜੇ ਗਏ ਵਿਦਿਆਰਥੀਆਂ ਸਮੇਤ ਵੱਖ-ਵੱਖ ਸੰਸਥਾਵਾਂ  ਨੇ ਭਾਗ ਲਿਆ। ਇਸ ਨਾਲ ਇਹ ਪ੍ਰੋਗਰਾਮ ਇੱਕ ਬਹੁਤ ਹੀ ਰੂਹਾਨੀ ਅਤੇ ਸਮ੍ਰਿੱਧ ਸਾਹਿਤਕ ਇੰਟਰੈਕਸ਼ਨ ਬਣ ਗਿਆ।