ਐਸ.ਏ.ਐਸ. ਨਗਰ, 8 ਅਪ੍ਰੈਲ: ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਦੇ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਂ 'ਤੇ ਕਰਵਾਏ ਗਏ ਇੱਕ ਸਮਾਗਮ ਵਿੱਚ ਅਧਿਆਪਕਾਂ ਨਾਲ ਕੀਤੇ ਗਏ ਅਭੱਦਰ ਵਿਵਹਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਜੋ ਅਧਿਆਪਕ ਰੋਜ਼ਾਨਾ ਮਿਹਨਤ ਕਰਕੇ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖਿਆ ਦੇ ਕੇ ਸਹੀ ਰਸਤਾ ਦਿਖਾ ਰਹੇ ਹਨ ਅਤੇ ਉਨ੍ਹਾਂ ਦਾ ਭਵਿੱਖ ਰੌਸ਼ਨ ਕਰਨ ਲਈ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਵੱਲੋਂ ਜਨਤਕ ਤੌਰ 'ਤੇ ਬੇਇੱਜਤ ਕੀਤਾ ਗਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸਮਾਗਮ ਦੌਰਾਨ ਮੰਤਰੀ ਨੇ ਸਟੇਜ ਤੋਂ ਮਾਈਕ 'ਤੇ ਬੋਲਦੇ ਹੋਏ ਨਾ ਸਿਰਫ ਬੱਚਿਆਂ ਨੂੰ ਡਾਂਟਿਆ, ਬਲਕਿ ਅਧਿਆਪਕਾਂ ਨੂੰ ਵੀ ਅਪਮਾਨਜਨਕ ਸ਼ਬਦਾਂ ਵਿੱਚ ਫਟਕਾਰਿਆ। ਉਨ੍ਹਾਂ ਕਿਹਾ ਕਿ ਮੰਤਰੀ ਦੇ ਸ਼ਬਦ 'ਤੁਸੀਂ ਕੀ ਪੜ੍ਹਾਉਂਦੇ ਹੋਵੋਗੇ', 'ਸਾਰੇ ਅਧਿਆਪਕਾਂ ਦੀ ਸ਼ਿਕਾਇਤ ਅੱਜ ਹੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਭੇਜਾਂਗਾ', ਵਰਗੇ ਬਿਆਨ ਨਾ ਸਿਰਫ ਬੇਲੋੜੀਂਦੇ ਸਨ, ਸਗੋਂ ਸਾਰੇ ਸਿੱਖਿਆ ਤੰਤਰ ਦੀ ਬੇਇੱਜ਼ਤੀ ਹਨ। ਉਨ੍ਹਾਂ ਮੰਗ ਕੀਤੀ ਕਿ ਮੰਤਰੀ ਚੇਤੰਨ ਸਿੰਘ ਜੌੜਾ ਮਾਜਰਾ ਆਪਣੇ ਘਟੀਆ ਅਤੇ ਅਸੰਵੇਦਨਸ਼ੀਲ ਵਿਵਹਾਰ ਲਈ ਜਨਤਕ ਤੌਰ 'ਤੇ ਅਧਿਆਪਕਾਂ ਤੋਂ ਮਾਫੀ ਮੰਗਣ।
ਡਿਪਟੀ ਮੇਅਰ ਨੇ ਕਿਹਾ ਕਿ ਇਸ ਮੰਤਰੀ ਦਾ ਪੁਰਾਣਾ ਰਿਕਾਰਡ ਵੀ ਇਹੀ ਰਿਹਾ ਹੈ ਕਿ ਆਪਣੇ ਵਿਭਾਗਾਂ ਅਧੀਨ ਅਧਿਕਾਰੀਆਂ ਦੀ ਇਹ ਸ਼ਰੇਆਮ ਬੇਇੱਜ਼ਤੀ ਕਰਦਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤਾ ਜਾਵੇ।