ਲੁਧਿਆਣਾ 02 ਦਸੰਬਰ 2025- ਰੱਖਿਆ ਸੇਵਾਵਾਂ ਨਾਲ ਇਕ ਮਹੱਤਵਪੂਰਨ ਸਹਿਯੋਗੀ ਸਾਂਝ ਵਿਖਾਉਂਦਿਆਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀ ਡਾ. ਰਣਧੀਰ ਸਿੰਘ ਨੇ ਰਿਮਾਊਂਟ ਵੈਟਨਰੀ ਕੋਰ ਸੈਂਟਰ ਅਤੇ ਕਾਲਜ, ਮੇਰਠ ਛਾਉਣੀ ਵਿਖੇ ਇਕ ਮੁਹਾਰਤ ਭਾਸ਼ਣ ਦਿੱਤਾ। ਇਸ ਦਾ ਮੰਤਵ ਫੌਜ ਵਿੱਚ ਸੇਵਾ ਦੇ ਰਹੇ ਕੁੱਤਿਆਂ ਦੀ ਛੇਤੀ ਸਫ਼ਲਤਾ ਸੰਬੰਧੀ ਕੁਝ ਪਛਾਣ ਚਿੰਨ੍ਹਾਂ ਅਤੇ ਵਿਹਾਰ ਸੰਬੰਧੀ ਗਿਆਨ ਦੇਣਾ ਸੀ।
ਡਾ. ਰਣਧੀਰ ਨੇ ਇਸ ਸੰਬੰਧੀ ਮੁਲਾਂਕਣ ਵਿਧੀ ਅਤੇ ਸਾਧਨਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਿਸ ਦੇ ਤਹਿਤ ਅਜਿਹੇ ਕੁੱਤਿਆਂ ਦੀ ਛੇਤੀ ਪਛਾਣ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕੁੱਤਿਆਂ ਦੇ ਗੁਰਦੇ ਦੀਆਂ ਬਿਮਾਰੀਆਂ, ਲੱਛਣਾਂ ਅਤੇ ਇਲਾਜ ਸੰਬੰਧੀ ਵੀ ਚਰਚਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕਿਹੜੀਆਂ ਵਿਧੀਆਂ ਨਾਲ ਇਨ੍ਹਾਂ ਕੁੱਤਿਆਂ ਦੀ ਸਿਹਤ ਸੰਭਾਲ ਕੀਤੀ ਜਾ ਸਕਦੀ ਹੈ ਅਤੇ ਉਮਰ ਵਧਾਈ ਜਾ ਸਕਦੀ ਹੈ। ਇਥੇ ਵਰਣਨਯੋਗ ਹੈ ਕਿ ਡਾ. ਰਣਧੀਰ ਸਿੰਘ ਨੇ ਕੁੱਤਿਆਂ ਦੀਆਂ ਬਿਮਾਰੀਆਂ ਸੰਬੰਧੀ ਵਿਸ਼ੇਸ਼ ਮੁਹਾਰਤ ਹਾਸਿਲ ਕੀਤੀ ਹੋਈ ਜਿਸ ਨਾਲ ਉਨ੍ਹਾਂ ਨੂੰ ਆਲਮੀ ਪ੍ਰਸਿੱਧੀ ਪ੍ਰਾਪਤ ਹੋਈ ਹੈ
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਡਾ. ਰਣਧੀਰ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਪ੍ਰਾਪਤੀ ਨੂੰ ਪ੍ਰਭਾਵਸ਼ਾਲੀ ਅਤੇ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪਸ਼ੂ ਅਤੇ ਜਾਨਵਰਾਂ ਦੀ ਸਿਹਤ ਸੰਭਾਲ ਸੰਬੰਧੀ ਸਾਡੀ ਯੂਨੀਵਰਸਿਟੀ ਦੇ ਅਭਿਆਸ ਇਹ ਦਰਸਾਉਂਦੇ ਹਨ ਕਿ ਅਸੀਂ ਇਸ ਖੇਤਰ ਵਿੱਚ ਸਮਰਪਣ ਭਾਵ ਨਾਲ ਕਾਰਜ ਕਰ ਰਹੇ ਹਾਂ।
ਭਾਰਤੀ ਫੌਜ ਦੇ ਕੁੱਤਿਆਂ ਦੀ ਛੇਤੀ ਸਫ਼ਲਤਾ ਅਤੇ ਗੁਰਦਿਆਂ ਦੀ ਸੰਭਾਲ ਸੰਬੰਧੀ ਵੈਟਨਰੀ ਯੂਨੀਵਰਸਿਟੀ ਨੇ ਦਿੱਤਾ ਸਹਿਯੋਗ
