ਪਟਿਆਲਾ, 8 ਮਾਰਚ - ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪਣੇ ਮੁੱਖ ਦਫ਼ਤਰ ਦੇ ਓਪਨ ਏਅਰ ਥੀਏਟਰ ’ਚ ਮਹਿਫ਼ਿਲ-ਏ-ਕੱਵਾਲੀ ਸਜਾਈ ਗਈ। ਭਾਸ਼ਾ ਵਿਭਾਗ ਦੀ ਨਿਰਦੇਸ਼ਕਾ ਹਰਪ੍ਰੀਤ ਕੌਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦੌਰਾਨ ਉੱਘੇ ਕੱਵਾਲ ਨੀਲੇ ਖ਼ਾਨ ਨੇ ਆਪਣੀ ਖ਼ੂਬਸੂਰਤ ਗਾਇਕੀ ਨਾਲ ਪੰਡਾਲ ’ਚ ਮੌਜੂਦ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਇਸ ਸਮਾਗਮ ਦੀ ਸ਼੍ਰੋਮਣੀ ਉਰਦੂ ਸਾਹਿਤਕਾਰ ਡਾ. ਨਾਸ਼ਿਰ ਨਕਵੀ ਨੇ ਪ੍ਰਧਾਨਗੀ ਕੀਤੀ ਅਤੇ ਸ਼੍ਰੋਮਣੀ ਉਰਦੂ ਸਾਹਿਤਕਾਰ ਡਾ. ਰੁਬੀਨਾ ਸ਼ਬਨਮ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਵਿਭਾਗ ਦੀ ਡਾਇਰੈਕਟਰ ਹਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਭਾਸ਼ਾ ਵਿਭਾਗ ਜਿੱਥੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਹੈ ਉੱਥੇ ਹਿੰਦੀ ਤੇ ਉਰਦੂ ਦੇ ਸਤਿਕਾਰ ਲਈ ਵੀ ਵਚਨਬੱਧ ਹੈ। ਜਿਸ ਤਹਿਤ ਮਹਿਫ਼ਿਲ ਏ ਕਵਾਲੀ ਸਜਾਈ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਹੋਰਨਾਂ ਭਾਸ਼ਾਵਾਂ ਵਾਂਗ ਉਰਦੂ ਭਾਸ਼ਾ ਨਾਲ ਸਬੰਧਤ ਵੀ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਆਪਣੇ ਪ੍ਰਧਾਨਗੀ ਭਾਸ਼ਨ ’ਚ ਡਾ. ਨਾਸ਼ਿਰ ਨਕਵੀ ਨੇ ਕੱਵਾਲੀ ਦੇ ਇਤਿਹਾਸ ਬਾਰੇ ਵਿਸਥਾਰ ’ਚ ਦੱਸਿਆ। ਉਨ੍ਹਾਂ ਕਿਹਾ ਕਿ ਕਵਾਲੀ ਦੀ ਗਾਇਨ ਸ਼ੈਲੀ ਦੀ ਮਹਾਰਤ ਬਹੁਤ ਮਿਹਨਤ, ਵਧੀਆ ਸਿਖਲਾਈ ਤੇ ਜ਼ਜਬੇ ਨਾਲ ਹਾਸਿਲ ਕੀਤੀ ਜਾਂਦੀ ਹੈ। ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਦੇ ਉਰਦੂ ਜ਼ੁਬਾਨ ਦੇ ਪ੍ਰਚਾਰ-ਪਸਾਰ ਲਈ ਕੀਤੇ ਜਾਂਦੇ ਯਤਨਾਂ ਲਈ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਰੂਬੀਨਾ ਸ਼ਬਨਮ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਹਰ ਸਾਲ ਕਰਵਾਏ ਜਾਂਦੇ ਸਮਾਗਮਾਂ ’ਚ ਉਰਦੂ ਜ਼ੁਬਾਨ ਨੂੰ ਦਿੱਤੇ ਜਾਂਦੇ ਸਥਾਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਖੂਬਸੂਰਤ ਜ਼ੁਬਾਨ ਦੇ ਸਾਹਿਤਕਾਰਾਂ ਨੂੰ ਵੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਮਾਂਤਰ ਸਤਿਕਾਰ ਦੇਣਾ ਬਹੁਤ ਸ਼ਲਾਘਾਯੋਗ ਕਦਮ ਹੈ।
ਮਹਿਫ਼ਿਲ ਏ ਕੱਵਾਲੀ ਦੌਰਾਨ ਕਵਾਲ ਨੀਲੇ ਖ਼ਾਨ ਨੇ ਆਪਣੇ ਵਿਲੱਖਣ ਅੰਦਾਜ਼ ’ਚ ‘ਦਮਾ-ਦਮ ਮਸਤ ਕਲੰਧਰ’, ‘ਭੱਠੀ ਵਾਲੀਏ ਚੰਬੇ ਦੀਏ ਡਾਲੀਏ’, ‘ਮੇਰੇ ਰਸ਼ਕੇ ਕਮਰ," ‘ਸੁਣ ਸੋਨੇ ਦਿਆ ਕੰਗਣਾ’, ‘ਇੱਥੇ ਉਮਰਾਂ ਦੇ ਹੋਣੇ ਨੇ ਨਿਬੇੜੇ’ ਸਮੇਤ ਦਰਜ਼ਨ ਤੋਂ ਵਧੇਰੇ ਗੀਤਾਂ ਦੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਝੂੰਮਣ ਲਗਾ ਦਿੱਤਾ। ਸਮਾਗਮ ਦੇ ਆਯੋਜਕ ਸਹਾਇਕ ਨਿਰਦੇਸ਼ਕ ਅਸ਼ਰਫ਼ ਮਹਿਮੂਦ ਨੰਦਨ ਨੇ ਸਭ ਦਾ ਧੰਨਵਾਦ ਕੀਤਾ। ਵਿਸ਼ੇਸ਼ ਮਹਿਮਾਨਾਂ ਤੇ ਗਾਇਕ ਨੀਲੇ ਖ਼ਾਨ ਦਾ ਭਾਸ਼ਾ ਵਿਭਾਗ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਹਰਭਜਨ ਕੌਰ ਤੇ ਸਤਨਾਮ ਸਿੰਘ, ਸਹਾਇਕ ਨਿਰਦੇਸ਼ਕ ਅਲੋਕ ਚਾਵਲਾ, ਅਮਰਿੰਦਰ ਸਿੰਘ, ਸੁਰਿੰਦਰ ਕੌਰ ਤੇ ਜਸਪ੍ਰੀਤ ਕੌਰ, ਭੁਪਿੰਦਰਪਾਲ ਸਿੰਘ, ਸਾਬਕਾ ਡਾਇਰੈਕਟਰ ਟੈਕਸਟ ਬੁੱਕ ਬੋਰਡ ਅਸ਼ੋਕ ਲੋਹਗੜ੍ਹ, ਪ੍ਰੋ. ਬਾਵਾ ਸਿੰਘ, "ਪਦਮ ਸ਼੍ਰੀ" ਪ੍ਰਾਣ ਸੱਭਰਵਾਲ, ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਸਿੰਘ, ਪ੍ਰਿੰ. ਮਨਮੋਹਨ ਸਿੰਘ, ਸੰਗੀਤਕ ਹਸਤੀ ਪ੍ਰੋ. ਨਿਵੇਦਤਾ ਉੱਪਲ, ਗੁਰਮੇਲ ਸਿੰਘ ਵਿਰਕ, ਭਾਸ਼ਾ ਵਿਭਾਗ ਦੇ ਸਾਬਕਾ ਅਧਿਕਾਰੀ ਡਾ. ਹਰਨੇਕ ਸਿੰਘ, ਕਰਮਵੀਰ ਸਿੰਘ ਸੂਰੀ ਤੇ ਨਿਰਮਲ ਸਿੰਗਲਾ ਅਤੇ ਦਲਜੀਤ ਸਿੰਘ ਸਮੇਤ ਬਹੁਤ ਸਾਰੀਆਂ ਸੰਗੀਤ ਤੇ ਸਾਹਿਤ ਪ੍ਰੇਮੀ ਹਸਤੀਆਂ ਮੌਜੂਦ ਸਨ।
ਭਾਸ਼ਾ ਵਿਭਾਗ ਦੀ ‘ਮਹਿਫ਼ਿਲ-ਏ-ਕੱਵਾਲੀ’ 'ਚ ਨੀਲੇ ਖ਼ਾਨ ਨੇ ਖ਼ੂਬ ਰੰਗ ਬੰਨ੍ਹਿਆ
