ਨਵਾਂਸ਼ਹਿਰ:- ਇਫਟੂ ਸਮੇਤ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਚਾਰ ਲੇਬਰ ਕੋਡ ਦੇ ਵਿਰੁੱਧ ਪਹਿਲੀ ਅਪ੍ਰੈਲ ਨੂੰ ਮਨਾਏ ਜਾ ਰਹੇ ਸੰਘਰਸ਼ ਦਿਵਸ ਦੀ ਤਿਆਰੀ ਲਈ ਅੱਜ ਸਥਾਨਕ ਬਾਰਾਦਰੀ ਬਾਗ਼ ਵਿੱਚ ਇਫਟੂ ਦੀ ਜਿਲਾ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ  ਨੇ ਕਿਹਾ ਕਿ ਕੇਂਦਰ ਸਰਕਾਰ ਦੇ ਚਾਰ ਲੇਬਰ ਕੋਡ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ। ਇਹ ਪੂੰਜੀਪਤੀਆਂ ਨੂੰ ਮਜ਼ਦੂਰ ਵਰਗ ਦੀ ਅਥਾਹ ਲੁੱਟ ਕਰਨ ਦੀ ਖੁੱਲ ਦਿੰਦੇ ਹਨ। 
ਇਹ ਮਜ਼ਦੂਰਾਂ ਦੇ ਉਹਨਾਂ ਹੱਕਾਂ ਉੱਤੇ ਪੋਚਾ ਫੇਰਦੇ ਹਨ ਜੋ ਮਜ਼ਦੂਰ ਵਰਗ ਨੇ ਅਣਗਿਣਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਸਨ। ਆਗੂਆਂ ਨੇ ਕਿਹਾ ਕਿ ਇਫਟੂ ਚਾਰ ਲੇਬਰ ਕੋਡ ਵਿਰੁੱਧ ਲੜਾਈ ਜਾਰੀ ਰੱਖੇਗੀ। 
ਉਹਨਾਂ ਕਿਹਾ ਕਿ ਪਹਿਲੀ ਅਪ੍ਰੈਲ ਨੂੰ ਟਰੇਡ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ, ਮੁਲਾਜ਼ਮ ਜਥਬੰਦੀਆਂ, ਪੈਨਸ਼ਨਰਜ਼ ਯੂਨੀਅਨਾਂ, ਸਕੀਮ ਵਰਕਰਾਂ, ਠੇਕਾ ਮੁਲਾਜ਼ਮਾਂ ਵੱਲੋਂ ਨਵਾਂਸ਼ਹਿਰ ਵਿਖੇ ਮਨਾਏ ਜਾ ਰਹੇ ਜਿਲਾ ਪੱਧਰੀ ਸੰਘਰਸ਼ ਦਿਵਸ ਵਿੱਚ ਇਫਟੂ ਭਰਵੀਂ ਸ਼ਮੂਲੀਅਤ ਕਰੇਗੀ। ਇਸ ਮੀਟਿੰਗ ਵਿੱਚ ਜਸਬੀਰ ਦੀਪ,ਜਿਲਾ ਪ੍ਰਧਾਨ ਗੁਰਦਿਆਲ ਰੱਕੜ, ਜਿਲਾ ਸਕੱਤਰ ਪ੍ਰਵੀਨ ਕੁਮਾਰ ਨਿਰਾਲਾ ਅਤੇ ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਵੀ ਮੌਜੂਦ ਸਨ।