ਪਟਿਆਲਾ, 27 ਮਈ - ਬੇਬਸੀ ਅਤੇ ਗਰੀਬੀ ਨੇ ਇੱਕ ਨਵਜੰਮੇ ਬੱਚੇ ਦੀ ਜਾਨ ਲੈ ਲਈ ਹੈ। ਲੁਧਿਆਣਾ ਤੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਆਈ ਇੱਕ ਗਰਭਵਤੀ ਔਰਤ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਦੋਂ ਡਾਕਟਰਾਂ ਨੇ ਦੱਸਿਆ ਕਿ ਬੱਚਾ ਬਿਮਾਰ ਹੈ ਤਾਂ ਔਰਤ ਨੇ ਕਿਹਾ ਕਿ ਉਸ ਕੋਲ ਇਲਾਜ ਲਈ ਪੈਸੇ ਨਹੀਂ ਹਨ ਅਤੇ ਛੁੱਟੀ ਲੈ ਕੇ ਬੱਚਾ ਉਸਨੂੰ ਸੌਂਪਣ ਲਈ ਕਿਹਾ ਪਰ ਹਸਪਤਾਲ ਪ੍ਰਬੰਧਕਾਂ ਨੇ ਬੱਚਾ ਬਿਮਾਰ ਹੋਣ ਕਾਰਨ ਛੁੱਟੀ ਨਹੀਂ ਦਿੱਤੀ।
ਬੇਸਹਾਰਾ ਔਰਤ ਆਪਣੇ ਬੱਚੇ ਨੂੰ ਪਿੱਛੇ ਛੱਡ ਗਈ ਕਿਉਂਕਿ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਔਰਤ ਦੇ ਲਾਪਤਾ ਹੁੰਦੇ ਹੀ ਡਾਕਟਰਾਂ ਨੇ ਆਪਣੇ ਪੱਧਰ 'ਤੇ ਇਲਾਜ ਸ਼ੁਰੂ ਕਰ ਦਿੱਤਾ ਪਰ ਜਨਮ ਦੇ ਦੂਜੇ ਦਿਨ ਬੱਚੇ ਦੀ ਮੌਤ ਹੋ ਗਈ। ਨਵਜੰਮੇ ਬੱਚੇ ਦੀ ਮੌਤ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਸ਼੍ਰਿਸ਼ਟੀ ਖਿਲਾਫ ਐੱਫ.ਆਈ.ਆਰ. ਦਰਜ ਕਰਵਾ ਦਿੱਤੀ। ਡਾਕਟਰ ਮੁਤਾਬਕ ਦੋਸ਼ੀ ਔਰਤ ਨੂੰ 22 ਮਈ ਨੂੰ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਸ ਨੇ 23 ਮਈ ਨੂੰ ਸਵੇਰੇ ਪੰਜ ਵਜੇ ਇਕ ਬੇਟੇ ਨੂੰ ਜਨਮ ਦਿੱਤਾ ਸੀ। ਬੇਟੇ ਦੇ ਜਨਮ ਤੋਂ ਕੁਝ ਘੰਟਿਆਂ ਬਾਅਦ ਔਰਤ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਦੀ ਅਤੇ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਅਤੇ ਨਾ ਹੀ ਉਸ ਕੋਲ ਪੈਸੇ ਹਨ।
ਜਦੋਂ ਸਵੇਰੇ ਦਸ ਵਜੇ ਔਰਤ ਨੂੰ ਉਸ ਦਾ ਬੱਚਾ ਨਾ ਦਿੱਤਾ ਗਿਆ ਤਾਂ ਉਹ ਹਸਪਤਾਲ ਤੋਂ ਚਲੀ ਗਈ। ਸਟਾਫ ਨੇ ਔਰਤ ਦੀ ਕਾਫੀ ਭਾਲ ਕੀਤੀ ਪਰ ਨਾ ਮਿਲਣ 'ਤੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਮਾਡਲ ਟਾਊਨ ਦੇ ਜਾਂਚ ਅਧਿਕਾਰੀ ਨਰਾਤਾ ਰਾਮ ਨੇ ਦੱਸਿਆ ਕਿ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਦਫ਼ਨਾਇਆ ਗਿਆ। ਬੱਚੇ ਦੀ ਮਾਂ ਦੀ ਭਾਲ ਜਾਰੀ ਹੈ।
ਬੇਬਸੀ ਤੇ ਗਰੀਬੀ ਨੇ ਨਵਜੰਮੇ ਬੱਚੇ ਦੀ ਜਾਨ ਲਈ, ਔਰਤ ਖਿਲਾਫ ਮਾਮਲਾ ਦਰਜ
