ਚੰਡੀਗੜ੍ਹ, 15 ਸਤੰਬਰ:- ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੀ ਮੀਟਿੰਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਈ। ਮੀਟਿੰਗ ਵਿੱਚ ਪੰਜਾਬ ਵਿਚਲੀਆਂ ਸਿਹਤ ਸੰਸਥਾਵਾਂ, ਖੋਜ ਅਤੇ ਮੈਡੀਕਲ ਦੀਆਂ ਸੰਸਥਾਵਾਂ, ਆਮ ਆਦਮੀ ਕਲੀਨਿਕਾਂ, ਸਿਵਲ ਹਸਪਤਾਲਾਂ, ਮਾਤਾ ਕੁਸ਼ਲਿਆ ਹਸਪਤਾਲ ਪਟਿਆਲਾ ਅਤੇ ਵੱਖ-ਵੱਖ ਡਿਸਪੈਂਸਰੀਆਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਕੰਟਰੈਕਟ, ਆਊਟਸੋਰਸ, ਡੀ.ਸੀ. ਰੇਟ ਅਤੇ ਯੂਜ਼ਰਜ਼ ਚਾਰਜਿਜ਼ ਅਧੀਨ ਕੰਮ ਕਰਦੇ ਚੌਥਾ ਦਰਜਾ ਕਰਮਚਾਰੀਆਂ ਅਤੇ ਟੈਕਨੀਕਲ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਘੱਟੋ-ਘੱਟ ਉਜਰਤਾਂ ਦੇਣਾ, ਘੱਟੋ-ਘੱਟ ਉਜਰਤਾਂ ਵਿੱਚ ਹੋਏ 15 ਪ੍ਰਤੀਸ਼ਤ ਵਾਧੇ ਨੂੰ ਲਾਗੂ ਕਰਨਾ, ਬਕਾਇਆ ਦੇਣਾ ਅਤੇ ਕੰਟਰੈਕਟ, ਆਊਟਸੋਰਸ, ਯੂਜ਼ਰਜ਼ ਚਾਰਜਿਜ਼ ਅਧੀਨ ਕਰਮਚਾਰੀਆਂ ਨੂੰ ਠੇਕੇਦਾਰੀ ਪ੍ਰਥਾ ਤੋਂ ਨਿਜਾਤ ਦਿਵਾ ਕੇ ਵਿਭਾਗ ਵਿੱਚ ਖਪਾਉਣਾ ਆਦਿ ਇੱਕ ਦਰਜਨ ਮੰਗਾਂ ’ਤੇ ਵਿਚਾਰ ਕੀਤਾ ਗਿਆ।
ਇਸ ਮੀਟਿੰਗ ਵਿੱਚ ਸਿਹਤ ਸਕੱਤਰ ਸ੍ਰੀਮਤੀ ਸਾਕਸ਼ੀ ਸਾਹਨੀ ਆਈ.ਏ.ਐਸ., ਡਾਇਰੈਕਟਰ ਮੈਡੀਕਲ ਖੋਜ ਤੇ ਸਿੱਖਿਆ ਵਿਭਾਗ ਡਾ. ਅਵਨੀਸ਼, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਡਾ. ਹਰਤਿੰਦਰ ਕੌਰ ਅਤੇ ਦਫ਼ਤਰੀ ਅਮਲਾ ਸ਼ਾਮਲ ਸੀ। ਯੂਨੀਅਨ ਵੱਲੋਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਰਾਜੇਸ਼ ਕੁਮਾਰ ਗੋਲੂ, ਸ਼ਿਵ ਚਰਨ, ਅਜੇ ਕੁਮਾਰ ਨਾਭਾ, ਰਾਜੇਸ਼ ਕੁਮਾਰ (ਸੀ.ਐਮ.ਓ.), ਧਰਮਿੰਦਰ ਕੁਮਾਰ (ਮਾਤਾ ਕੁਸ਼ਲਿਆ) ਆਦਿ ਆਗੂ ਸ਼ਾਮਲ ਸਨ।
ਮੀਟਿੰਗ ਵਿੱਚ ਅੱਜ ਵਿਚਾਰੇ ਗਏ ਸਾਰੇ ਮੁੱਦਿਆਂ ਨੂੰ ਰੀਵਿਊ ਕਰਨ ਲਈ ਸਿਹਤ ਮੰਤਰੀ ਵੱਲੋਂ ਇੱਕ ਸਬ-ਕਮੇਟੀ ਦਾ ਗਠਨ ਕੀਤਾ ਗਿਆ। ਇਸ ਦੀ ਅਗਵਾਈ ਸਿਹਤ ਸਕੱਤਰ ਪੰਜਾਬ ਸਰਕਾਰ ਸ੍ਰੀਮਤੀ ਸਾਕਸ਼ੀ ਸਾਹਨੀ ਕਰਨਗੇ। ਇਸ ਵਿੱਚ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਡਾਇਰੈਕਟਰ ਮੈਡੀਕਲ ਖੋਜ ਅਤੇ ਸਿੱਖਿਆ, ਡਿਪਟੀ ਡਾਇਰੈਕਟਰ ਮਲੇਰੀਆ ਆਦਿ ਅਧਿਕਾਰੀ ਸ਼ਾਮਲ ਹੋਣਗੇ। ਯੂਨੀਅਨ ਵੱਲੋਂ ਪ੍ਰਮੁੱਖ ਆਗੂ ਵੀ ਇਸ ਕਮੇਟੀ ਦਾ ਹਿੱਸਾ ਹੋਣਗੇ।
ਇਹ ਕਮੇਟੀ ਨਿਕਟ ਭਵਿੱਖ ਵਿੱਚ ਵਿਚਾਰੇ ਗਏ ਏਜੰਡੇ ਨੂੰ ਰੀਵਿਊ ਕਰਕੇ ਉਸ ਦੇ ਫੈਸਲੇ ਅਤੇ ਅੱਜ ਕੀਤੇ ਗਏ ਫੈਸਲਿਆਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰੇਗੀ। ਇਹ ਮੀਟਿੰਗ ਅਗਲੇ ਹਫ਼ਤੇ ਬੁਲਾਏ ਜਾਣ ਦੀ ਸੰਭਾਵਨਾ ਹੈ। ਮਾਨਯੋਗ ਮੰਤਰੀ ਜੀ ਨਾਲ ਅੱਜ ਦੀ ਮੀਟਿੰਗ ਸਦਭਾਵਨਾ ਵਾਲੇ ਮਾਹੌਲ ਵਿੱਚ ਹੋਈ। ਮੰਤਰੀ ਜੀ ਨੇ ਭਰੋਸੇ ਵੀ ਦਿਵਾਏ।