ਨਵਾਂਸ਼ਹਿਰ, 28 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ):- ਦੀਵਾਲੀ, ਕਰਵਾ ਚੌਥ, ਅਹੋਈ ਅਸ਼ਟਮੀ ਅਤੇ ਧਨਤੇਰਸ ਵਰਗੇ ਸਾਲ ਦੇ ਪ੍ਰਮੁੱਖ ਤਿਉਹਾਰਾਂ ਨੂੰ ਦੇਖਦਿਆਂ ਬਾਜ਼ਾਰਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਮੰਗ ਵਧ ਜਾਂਦੀ ਹੈ। ਮਿਲਾਵਟਖੋਰੀ ਨੂੰ ਰੋਕਣ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਉੱਘੇ ਸਮਾਜ ਸੇਵੀ ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਤਿਉਹਾਰੀ ਸੀਜ਼ਨ ਦੌਰਾਨ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ, ਤਾਂ ਜੋ ਮਿਲਾਵਟੀ ਸਾਮਾਨ ਦੀ ਵਿਕਰੀ 'ਤੇ ਸਖ਼ਤੀ ਨਾਲ ਰੋਕ ਲੱਗ ਸਕੇ।

ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਕਿਹਾ ਕਿ ਦੀਵਾਲੀ ਵਰਗੇ ਵੱਡੇ ਤਿਉਹਾਰਾਂ ਦੌਰਾਨ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਕਾਫ਼ੀ ਵਧ ਜਾਂਦੀ ਹੈ। ਅਜਿਹੇ ਸਮੇਂ ਵਿੱਚ ਮਿਲਾਵਟੀ ਖੋਆ, ਘਿਓ ਅਤੇ ਤੇਲ ਵਰਗੀਆਂ ਵਸਤਾਂ ਦੀ ਵਿਕਰੀ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਮੁਨਾਫ਼ੇ ਦੀ ਖ਼ਾਤਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮਠਿਆਈ ਵਿਕਰੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਠਿਆਈਆਂ ਤਿਆਰ ਕਰਨ ਲਈ ਸ਼ੁੱਧ ਦੁੱਧ, ਘਿਓ, ਤੇਲ ਅਤੇ ਖੋਏ ਦੀ ਵਰਤੋਂ ਕਰਨ ਅਤੇ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ।

ਤਿਉਹਾਰ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਹੁੰਦੇ ਹਨ, ਇਸ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਲੋਕਾਂ ਦੀਆਂ ਖੁਸ਼ੀਆਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਨਹੀਂ ਬਦਲਣੀ ਚਾਹੀਦੀ। ਆਮ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਖਰੀਦਣ ਸਮੇਂ ਉਨ੍ਹਾਂ ਦੀ ਗੁਣਵੱਤਾ, ਪੈਕਿੰਗ, ਮਿਆਦ ਪੁੱਗਣ ਦੀ ਤਾਰੀਖ ਅਤੇ ਨਿਰਮਾਣ ਸਬੰਧੀ ਜਾਣਕਾਰੀ ਦੀ ਜਾਂਚ ਜ਼ਰੂਰ ਕੀਤੀ ਜਾਵੇ। ਸਿਰਫ਼ ਸਸਤੇ ਭਾਅ ਦੇ ਲਾਲਚ ਵਿੱਚ ਆ ਕੇ ਸਿਹਤ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਖਰੀਦਦਾਰੀ ਲਈ ਭਰੋਸੇਯੋਗ ਦੁਕਾਨਾਂ ਅਤੇ ਸਟੋਰਾਂ ਨੂੰ ਤਰਜੀਹ ਦੇਣ ਦੇ ਨਾਲ-ਨਾਲ ਬਿੱਲ ਵੀ ਜ਼ਰੂਰ ਲੈਣਾ ਚਾਹੀਦਾ ਹੈ, ਤਾਂ ਜੋ ਕਿਸੇ ਵਸਤੂ ਵਿੱਚ ਨੁਕਸ ਪਾਏ ਜਾਣ 'ਤੇ ਸਬੰਧਤ ਵਿਕਰੇਤਾ ਦੀ ਜਵਾਬਦੇਹੀ ਤੈਅ ਕੀਤੀ ਜਾ ਸਕੇ।