ਪਟਿਆਲਾ, 7 ਨਵੰਬਰ (ਮਨਪ੍ਰੀਤ ਸਿੰਘ):- ਸਰਕਾਰੀ ਅਤੇ ਅਰਧ-ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਮੁਲਾਜ਼ਮਾਂ, ਕੱਚੇ ਅਤੇ ਪੱਕੇ ਕਰਮਚਾਰੀਆਂ ਵੱਲੋਂ ਦੀਵਾਲੀ ਮੌਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਲਾਨੀ ਗਈ 3 ਫ਼ੀਸਦੀ ਮਹਿੰਗਾਈ ਭੱਤੇ (ਡੀ.ਏ.) ਦੀ ਕਿਸ਼ਤ ਨੂੰ ਤੋਹਫ਼ਾ ਦੱਸਣਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੰਮੇ ਸਮੇਂ ਤੋਂ ਆਊਟਸੋਰਸ ਅਤੇ ਸਮੂਹ ਕੱਚੇ ਕਰਮਚਾਰੀਆਂ ਸਮੇਤ ਸਕੀਮ ਕਰਮੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਅਤੇ ਨਾ ਹੀ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਵਿਭਾਗਾਂ ਵਿੱਚ ਕਰਮਚਾਰੀਆਂ ਨੂੰ ਸ਼ਾਮਲ ਕਰਨ ਸਬੰਧੀ ਬਿਆਨਾਂ ਨੂੰ ਵੀ ਧੋਖਾ ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰੀ ਅਤੇ ਅਰਧ-ਸਰਕਾਰੀ ਖੇਤਰ ਦੇ ਲਗਭਗ 51 ਵਿਭਾਗਾਂ ਵਿੱਚ ਇੱਕ ਵੀ ਆਊਟਸੋਰਸ ਕਰਮਚਾਰੀ ਨੂੰ ਵਿਭਾਗ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਆਮ ਆਦਮੀ ਸਰਕਾਰ ਦੇ ਇਸ ਕਥਿਤ ਧੋਖੇ ਵਿਰੁੱਧ ਮੁਲਾਜ਼ਮਾਂ ਨੇ ਕਾਲੇ ਚੋਗੇ ਪਾ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਮਸਲਿਆਂ ’ਤੇ ਲਗਾਤਾਰ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਅਸਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੇਖਣ ਨੂੰ ਮਿਲੇਗਾ।

ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਨਾਅਰਾ ਬੁਲੰਦ ਕੀਤਾ, “ਜੋ ਸਰਕਾਰ ਰੋਜ਼ੀ-ਰੋਟੀ ਨਹੀਂ ਦੇ ਸਕਦੀ, ਉਹ ਨਿਕੰਮੀ ਹੈ; ਜੋ ਸਰਕਾਰ ਨਿਕੰਮੀ ਹੈ, ਉਸ ਸਰਕਾਰ ਨੂੰ ਬਦਲਣਾ ਹੈ।” ਇਸ ਮੌਕੇ ਸਮੂਹ ਕੱਚੇ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ 40,000 ਰੁਪਏ ਕਰਨ ਦੀ ਮੰਗ ਮੁੜ ਦੁਹਰਾਈ ਗਈ। ਕਰਮਚਾਰੀਆਂ ਨੂੰ ਬਿਨਾਂ ਦੇਰੀ ਪੱਕਾ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਮਹਿੰਗਾਈ ਭੱਤਾ ਤੇ ਇਸ ਦਾ ਬਕਾਇਆ ਜਲਦੀ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਚੌਥਾ ਦਰਜਾ ਕਰਮਚਾਰੀਆਂ ਦਾ ਸਾਲ 2011 ਦਾ ਵਿਸ਼ੇਸ਼ ਸਾਲਾਨਾ ਤਰੱਕੀ ਲਾਭ ਬਹਾਲ ਕਰਨ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਗਈ। ਇਸ ਤੋਂ ਇਲਾਵਾ ਯੂਨੀਅਨ ਦੇ 16 ਨੁਕਾਤੀ ਮੰਗ ਪੱਤਰ ਦਾ ਨਿਪਟਾਰਾ ਕਰਨ ਦੀ ਮੰਗ ਕੀਤੀ ਗਈ।

ਇਸ ਪ੍ਰੈਸ ਨੋਟ ਰਾਹੀਂ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਲੁਬਾਣਾ ਅਤੇ ਰਾਮ ਲਾਲ ਰਾਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਜੰਗਲਾਤ ਵਿਭਾਗ ਦੇ ਦਿਹਾੜੀਦਾਰ ਕਰਮਚਾਰੀਆਂ ਨੂੰ ਰੈਗੂਲਰ ਕਰਦੇ ਸਮੇਂ ਉਨ੍ਹਾਂ ਦੀ ਸੇਵਾ ਦੇ ਦੋ ਸਾਲ ਘਟਾ ਦਿੱਤੇ ਹਨ ਅਤੇ ਸੇਵਾਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਕਾਮਿਆਂ ਨਾਲ ਇੱਕ ਹੋਰ ਵੱਡਾ ਧੋਖਾ ਕਰਦਿਆਂ ਉਨ੍ਹਾਂ ਦੀ ਮੌਜੂਦਾ 16,500 ਰੁਪਏ ਤਨਖਾਹ ਘਟਾ ਕੇ 15,000 ਰੁਪਏ ਨਿਸ਼ਚਿਤ ਕਰ ਦਿੱਤੀ ਗਈ ਹੈ। ਉਨ੍ਹਾਂ ਇਸ ਨੂੰ ਕਰਮਚਾਰੀਆਂ ਦਾ ਆਰਥਿਕ ਸ਼ੋਸ਼ਣ ਦੱਸਦਿਆਂ ਕਿਹਾ ਕਿ ਨਿਯਮਾਂ ਅਨੁਸਾਰ ਕਿਸੇ ਕਰਮਚਾਰੀ ਦੀ ਮੌਜੂਦਾ ਤਨਖਾਹ ਘਟਾਈ ਨਹੀਂ ਜਾ ਸਕਦੀ।

ਇਸ ਮੌਕੇ ਸ਼ਿਵ ਚਰਨ, ਪ੍ਰਕਾਸ਼ ਲੁਬਾਣਾ, ਇੰਦਰਪਾਲ ਵਾਲੀਆ, ਬਲਵਿੰਦਰ ਸਿੰਘ, ਤਰਲੋਚਨ ਮਾੜੂ, ਸੁਭਾਸ਼, ਹਰਬੰਸ ਸਿੰਘ ਵਰਮਾ, ਰਾਜੇਸ਼ ਸੀ.ਐਮ.ਓ., ਧਰਮਿੰਦਰ, ਰਿਸ਼ਵ, ਦਰਸ਼ਨ ਸਿੰਘ ਮੱਲੇਵਾਲ, ਰਾਮ ਜੋਧਾ, ਅਜੇ ਹੈਪੀ, ਵਿੱਕੀ ਸਨੌਰ, ਜਸਵਿੰਦਰ, ਕਾਲਾ ਰਾਮ, ਬੁੱਧ ਰਾਮ, ਕਰਮਾ ਨਾਭਾ, ਪਵਨ ਕੁਮਾਰ ਅਤੇ ਤਰਲੋਚਨ ਮੰਡੋਲੀ ਆਦਿ ਹਾਜ਼ਰ ਸਨ।