ਪਟਿਆਲਾ, 9 ਨਵੰਬਰ: ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਖੇਤਾਂ ਵਿੱਚ ਪਰਾਲ਼ੀ ਅਤੇ ਰਹਿੰਦ ਖੂਹੰਦ ਨੂੰ ਅੱਗ ਲਾਏ ਜਾਣ ਵਿਰੁੱਧ ਹੋਰ ਸਖ਼ਤੀ ਕਰ ਦਿੱਤੀ ਹੈ। ਅੱਗ ਲਾਏ ਜਾਣ ਦੀਆਂ ਅਜਿਹੀਆਂ ਘਟਨਾਵਾਂ ਵਿਰੁੱਧ ਪੁਲਿਸ ਨੇ ਥਾਣਾ ਤ੍ਰਿਪੜੀ, ਸਦਰ ਪਟਿਆਲਾ, ਬਖਸ਼ੀਵਾਲਾ ਅਤੇ ਸਦਰ ਨਾਭਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਆਈ ਪੀ ਸੀ ਦੀਆਂ ਧਾਰਾਵਾਂ 188 ਅਤੇ 283 ਤਹਿਤ ਚਾਰ ਮਾਮਲੇ ਦਰਜ ਕੀਤੇ ਹਨ। ਖੇਤਾਂ ਵਿਚਲੀ ਪਰਾਲੀ ਤੇ ਰਹਿੰਦ ਖੂਹੰਦ ਨੂੰ ਅੱਗ ਲਾਉਣ ਦੀਆਂ ਇਹ ਘਟਨਾਵਾਂ ਸਿਉਣਾ, ਰੌਂਗਲਾ, ਲੰਗ ਲਿੰਕ ਸੜਕ 'ਤੇ (ਤ੍ਰਿਪੜੀ), ਪਿੰਡ ਆਲੀਵਾਲ (ਸਦਰ ਪਟਿਆਲਾ), ਪਿੰਡ ਬੀਬੀਪੁਰ (ਬਖਸ਼ੀਵਾਲਾ) ਅਤੇ ਪਿੰਡ ਦੋਦਾ ਤੋਂ ਊਧਾ ਜਾਣ ਵਾਲੇ ਰਸਤੇ (ਸਦਰ ਨਾਭਾ) ਵਿਖੇ ਵਾਪਰੀਆਂ। ਉਪਰੋਕਤ ਥਾਣਿਆਂ ਵਿੱਚ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ। ਘੱਗਾ ਪੁਲਿਸ ਨੇ ਇੱਕ ਦੁਕਾਨਦਾਰ ਵਿਰੁੱਧ ਆਪਣੀ ਦੁਕਾਨ ਅੱਗੇ ਕਬਾੜ ਨੂੰ ਅੱਗ ਲਾਉਣ ਦਾ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਖੇਤਾਂ ਵਿਚਲੀ ਪਰਾਲੀ ਤੇ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਕਿਉਂਕਿ ਪ੍ਰਦੂਸ਼ਣ ਦੀ ਹਾਲਤ ਪਹਿਲਾਂ ਹੀ ਬਹੁਤ ਮਾੜੀ ਹੈ ਤੇ ਵਧਦਾ ਪ੍ਰਦੂਸ਼ਣ ਕਈ ਬੀਮਾਰੀਆਂ ਨੂੰ ਜਨਮ ਦੇ ਰਿਹਾ ਹੈ।