ਮਾਹਿਲਪੁਰ, 23 ਨਵੰਬਰ:- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸਥਿਤ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਸਟੇਡੀਅਮ ਵਿੱਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਅਗਵਾਈ ਹੇਠ 79ਵੀਂ ਸੰਤੋਸ਼ ਟਰਾਫੀ ਦੇ ਗਰੁੱਪ-ਏ ਦੇ ਫੁੱਟਬਾਲ ਮੈਚ 15 ਤੋਂ 19 ਦਸੰਬਰ ਤੱਕ ਕਰਵਾਏ ਜਾ ਰਹੇ ਹਨ। 
ਇਸ ਬਾਰੇ ਗੱਲ ਕਰਦਿਆਂ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਜਨਰਲ ਸਕੱਤਰ ਡਾ ਪਰਮਪ੍ਰੀਤ ਕੈਂਡੋਵਾਲ, ਪ੍ਰਿੰਸੀਪਲ ਡਾ ਪਰਵਿੰਦਰ ਸਿੰਘ, ਕਲੱਬ ਦੇ ਸੀਨੀਅਰ ਮੈਂਬਰ ਮਾਸਟਰ ਬਨਿੰਦਰ ਸਿੰਘ, ਪੰਜਾਬੀ ਵਿਭਾਗ ਦੇ ਮੁਖੀ ਡਾ ਜੇ ਬੀ ਸੇਖੋਂ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਡਾ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਖਾਲਸਾ ਕਾਲਜ ਮਾਹਿਲਪੁਰ ਦੀਆਂ ਖੇਡ ਗਰਾਊਂਡਾਂ ਨੂੰ ਸੰਤੋਸ਼ ਟਰਾਫੀ ਦੇ ਫੁੱਟਬਾਲ ਮੈਚਾਂ ਲਈ ਚੁਣਿਆ ਗਿਆ ਹੈ।
 ਜਿਸ ਵਿੱਚ ਪੰਜਾਬ, ਜੰਮੂ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਦੀਆਂ ਟੀਮਾਂ ਇਸ ਸੀਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦੇ ਗਰੁੱਪ ਏ ਵਿਚ ਭਿੜਣਗੀਆਂ। ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਇਸ ਪ੍ਰਾਪਤੀ 'ਤੇ ਮੁਬਾਰਕਬਾਦ ਦਿੱਤੀ। 
ਉਨ੍ਹਾਂ ਕਿਹਾ ਕਿ ਕਾਲਜ ਵਿੱਚ ਸਥਿਤ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਸਟੇਡੀਅਮ ਅਤੇ ਕਾਲਜ ਦੀਆਂ ਖੇਡ ਗਰਾਊਂਡਾਂ ਨੇ ਫੁੱਟਬਾਲ ਦੇ ਇਤਿਹਾਸ ਵਿਚ ਅਹਿਮ ਯੋਗਦਾਨ ਪਾਇਆ ਹੈ ਜਿਥੇ ਏਸ਼ੀਆ ਦੀ ਫੁੱਟਬਾਲ ਟੀਮ ਦੇ ਕਪਤਾਨ ਜਰਨੈਲ ਸਿੰਘ ਵਰਗੇ ਖਿਡਾਰੀ ਖੇਡਦੇ ਰਹੇ ਹਨ। 
ਇਸ ਮੌਕੇ ਕਲੱਬ ਦੇ ਸਕੱਤਰ ਡਾ ਪਰਮਪ੍ਰੀਤ ਕੈਂਡੋਵਾਲ ਨੇ ਕਿਹਾ ਕਿ ਮਾਹਿਲਪੁਰ ਵਿੱਚ ਸੰਤੋਸ਼ ਟਰਾਫੀ ਦੇ ਫੁੱਟਬਾਲ ਮੈਚ ਇਲਾਕੇ ਦੇ ਖੇਡ ਪ੍ਰੇਮੀਆਂ ਲਈ ਵੱਡਾ ਆਕਰਸ਼ਣ ਹੋਣਗੇ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਮਾਸਟਰ ਬਨਿੰਦਰ ਸਿੰਘ ਨੇ ਇਸ ਪ੍ਰਾਪਤੀ ਲਈ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਹਰਜਿੰਦਰ ਸਿੰਘ ਜੱਗਾ, ਜੁਆਇੰਟ ਸਕੱਤਰ ਵਿਜੇ ਬਾਲੀ ਦਾ ਧੰਨਵਾਦ ਕੀਤਾ।