ਹੁਸ਼ਿਆਰਪੁਰ:- ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਗੁਣਵੱਤਾਪੂਰਨ ਭੋਜਨ ਉਪਲਬਧ ਕਰਵਾਉਣ ਦੇ ਮੰਤਵ ਨਾਲ ਫੂਡ ਸੇਫਟੀ ਵਿਭਾਗ ਪੰਜਾਬ ਵੱਲੋਂ ਨਿਰੰਤਰ ਰੁਟੀਨ ਜਾਂਚ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। 
ਇਸੇ ਤਹਿਤ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਰਾਜ ਸਿੰਘ ਆਈ.ਏ.ਐਸ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ ਦੇ ਹੁਕਮਾਂ ਹੇਠ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਬੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਦੀ ਅਗਵਾਈ ਅਤੇ ਫੂਡ ਸੇਫਟੀ ਅਫਸਰ ਇਸ਼ਾਨ ਬਾਂਸਲ ਦੀ ਮੌਜੂਦਗੀ ਹੇਠ ਫੂਡ ਸੇਫਟੀ ਟੀਮ ਹੁਸ਼ਿਆਰਪੁਰ ਵੱਲੋਂ ਮਾਹਿਲਪੁਰ ਖੇਤਰ ਵਿੱਚ ਰੁਟੀਨ ਜਾਂਚ ਮੁਹਿੰਮ ਦੌਰਾਨ ਦੋ ਸਕੂਲਾਂ ਦੀ ਜਾਂਚ ਕੀਤੀ ਗਈ। 
ਜਾਂਚ ਦੌਰਾਨ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਪ੍ਰਾਵਧਾਨਾਂ ਅਨੁਸਾਰ ਸਕੂਲਾਂ ਤੋਂ ਖਾਣ-ਪੀਣ ਵਾਲੀਆਂ ਵਸਤਾਂ ਦੇ ਕੁੱਲ ਚਾਰ ਸੈਂਪਲ ਭਰੇ ਗਏ, ਜਿਨ੍ਹਾਂ ਵਿੱਚ ਚੌਲ, ਚਣਾ, ਨਮਕ ਅਤੇ ਆਟਾ ਸ਼ਾਮਲ ਹਨ। ਇਹ ਸੈਂਪਲ ਗੁਣਵੱਤਾ ਜਾਂਚ ਲਈ ਇਕੱਤਰ ਕੀਤੇ ਗਏ ਹਨ।ਇਸ ਤੋਂ ਇਲਾਵਾ, ਖੇਤਰ ਵਿੱਚ ਕੰਮ ਕਰ ਰਹੇ ਵੱਖ-ਵੱਖ ਫੂਡ ਬਿਜ਼ਨਸ ਓਪਰੇਟਰਾਂ (FBOs) ਤੋਂ ਵੀ ਖਾਣ-ਪੀਣ ਦੀਆਂ ਵਸਤਾਂ ਦੇ ਚਾਰ ਹੋਰ ਸੈਂਪਲ ਇਕੱਠੇ ਕੀਤੇ ਗਏ, ਜਿਨ੍ਹਾਂ ਵਿੱਚ ਬਿਸਕੁਟ, ਕੈਂਡੀ, ਖੋਆ ਅਤੇ ਦਹੀਂ ਸ਼ਾਮਲ ਹਨ। 
ਜਾਂਚ ਮੁਹਿੰਮ ਦੌਰਾਨ ਫੂਡ ਸੇਫਟੀ ਟੀਮ ਵੱਲੋਂ ਸੰਬੰਧਿਤ ਫੂਡ ਬਿਜ਼ਨਸ ਓਪਰੇਟਰਾਂ ਨੂੰ ਫੂਡ ਸੇਫਟੀ ਰਜਿਸਟ੍ਰੇਸ਼ਨ/ਲਾਇਸੈਂਸ (ਜਿੱਥੇ ਲਾਗੂ ਹੋਵੇ) ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੇ ਕਾਰੋਬਾਰੀ ਸਥਾਨਾਂ ‘ਤੇ ਹਰ ਸਮੇਂ ਸਾਫ਼-ਸਫ਼ਾਈ, ਨਿੱਜੀ ਸਵੱਛਤਾ ਅਤੇ ਸੈਨੇਟਰੀ ਹਾਲਾਤ ਬਣਾਈ ਰੱਖਣ ਸਬੰਧੀ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ।