ਚੰਡੀਗੜ੍ਹ, 28 ਅਕਤੂਬਰ:- ਹਰਿਆਣਾ ਸਰਕਾਰ ਦੇ ਬਾਗਬਾਨੀ ਵਿਭਾਗ ਦੇ ਅਧੀਨ ਉਦਿਆਨ ਸਿਖਲਾਈ ਸੰਸਥਾਨ, ਉਚਾਨੀ (ਕਰਨਾਲ) ਵੱਲੋਂ ਨਵੰਬਰ ਮਹੀਨੇ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਤਾਂ ਜੋ ਕਿਸਾਨ ਵਿਗਿਆਨਕ ਤਰੀਕਿਆਂ ਨਾਲ ਖੇਤੀ ਕਰਕੇ ਆਪਣੀ ਆਮਦਨ ਵਧਾ ਸਕਣ। ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਚਾਹਵਾਨ ਸਿਖਿਆਰਥੀ ਬਾਗਬਾਨੀ ਵਿਭਾਗ ਦੀ ਵੈੱਬਸਾਈਟ http://kaushal.hortharyana.gov.in/ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਬਾਗਬਾਨੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਲਈ ਬਿਨੈਕਾਰ ਦੀ ਘੱਟੋ-ਘੱਟ ਉਮਰ 18 ਸਾਲ ਹੋਣੀ ਲਾਜ਼ਮੀ ਹੈ। ਸਿਖਿਆਰਥੀਆਂ ਦੀ ਚੋਣ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ’ਤੇ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਰਜਿਸਟਰਡ ਸਿਖਿਆਰਥੀਆਂ ਨੂੰ ਆਪਣੇ ਨਾਲ ਆਧਾਰ ਕਾਰਡ, ਬੈਂਕ ਪਾਸਬੁੱਕ ਅਤੇ ਪੈਨ ਕਾਰਡ ਵਰਗੇ ਜ਼ਰੂਰੀ ਦਸਤਾਵੇਜ਼ ਲੈ ਕੇ ਆਉਣੇ ਹੋਣਗੇ। ਸਿਖਲਾਈ ਦੌਰਾਨ ਸਿਖਿਆਰਥੀਆਂ ਦੇ ਠਹਿਰਨ ਅਤੇ ਖਾਣੇ ਦਾ ਪ੍ਰਬੰਧ ਪੂਰੀ ਤਰ੍ਹਾਂ ਮੁਫ਼ਤ ਰਹੇਗਾ ਅਤੇ ਉਨ੍ਹਾਂ ਨੂੰ ਬੱਸ ਦਾ ਕਿਰਾਇਆ ਸਿੱਧੇ ਲਾਭ ਤਬਾਦਲੇ (ਡੀਬੀਟੀ) ਰਾਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਸਿਖਿਆਰਥੀ ਪਹਿਲਾਂ ਇਨ੍ਹਾਂ ਵਿਸ਼ਿਆਂ ’ਤੇ ਸਿਖਲਾਈ ਲੈ ਚੁੱਕੇ ਹਨ, ਉਹ ਮੁੜ ਉਸੇ ਵਿਸ਼ੇ ਲਈ ਰਜਿਸਟ੍ਰੇਸ਼ਨ ਨਾ ਕਰਵਾਉਣ।

ਨਵੰਬਰ ਮਹੀਨੇ ਵਿੱਚ ਕਰਵਾਏ ਜਾਣ ਵਾਲੇ ਸਿਖਲਾਈ ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 2 ਤੋਂ 6 ਨਵੰਬਰ, 2026 ਤੱਕ ਦੋ ਪ੍ਰੋਗਰਾਮ ਕਰਵਾਏ ਜਾਣਗੇ। ਇਨ੍ਹਾਂ ਵਿੱਚ ‘ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ, ਪਰਿਰੱਖਣ ਅਤੇ ਮੁੱਲ ਵਾਧੇ ਸਬੰਧੀ ਸਿਖਲਾਈ ਪ੍ਰੋਗਰਾਮ’ (ਮਿਆਦ: 5 ਦਿਨ, ਸੀਟਾਂ: 40) ਅਤੇ ‘ਐੱਚਐੱਚਐੱਚਐੱਨ ਨਿਯਮ-2026 ਅਨੁਸਾਰ ਨਰਸਰੀ ਪ੍ਰਬੰਧਨ’ (ਮਿਆਦ: 5 ਦਿਨ, ਸੀਟਾਂ: 20) ਸ਼ਾਮਲ ਹਨ। ਇਨ੍ਹਾਂ ਲਈ ਰਜਿਸਟ੍ਰੇਸ਼ਨ 27 ਅਕਤੂਬਰ, 2026 ਨੂੰ ਸਵੇਰੇ 10:00 ਵਜੇ ਤੋਂ 1 ਨਵੰਬਰ, 2026 ਨੂੰ ਸ਼ਾਮ 5:00 ਵਜੇ ਤੱਕ ਕਰਵਾਈ ਜਾ ਸਕਦੀ ਹੈ।

ਇਸ ਤੋਂ ਬਾਅਦ, 23 ਤੋਂ 27 ਨਵੰਬਰ, 2026 ਤੱਕ ‘ਸਬਜ਼ੀਆਂ ਅਤੇ ਫੁੱਲਾਂ ਦੀ ਸੁਰੱਖਿਅਤ ਖੇਤੀ ਅਤੇ ਪੌਲੀ ਹਾਊਸ ਦੇ ਰੱਖ-ਰਖਾਅ ਸਬੰਧੀ ਸਿਖਲਾਈ ਪ੍ਰੋਗਰਾਮ’ (ਮਿਆਦ: 5 ਦਿਨ, ਸੀਟਾਂ: 40) ਕਰਵਾਇਆ ਜਾਵੇਗਾ। ਇਸ ਲਈ 27 ਅਕਤੂਬਰ, 2026 ਨੂੰ ਸਵੇਰੇ 10:00 ਵਜੇ ਤੋਂ 22 ਨਵੰਬਰ, 2026 ਨੂੰ ਸ਼ਾਮ 5:00 ਵਜੇ ਤੱਕ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।

ਇਸੇ ਤਰ੍ਹਾਂ, 30 ਨਵੰਬਰ ਤੋਂ 4 ਦਸੰਬਰ, 2026 ਤੱਕ ਕਰਵਾਏ ਜਾਣ ਵਾਲੇ ‘ਫਲ ਉਤਪਾਦਨ ਦੀਆਂ ਤਕਨੀਕਾਂ ਸਬੰਧੀ ਸਿਖਲਾਈ ਪ੍ਰੋਗਰਾਮ’ (ਮਿਆਦ: 5 ਦਿਨ, ਸੀਟਾਂ: 40) ਲਈ 27 ਅਕਤੂਬਰ ਤੋਂ 22 ਨਵੰਬਰ, 2026 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਜਦਕਿ ‘ਐੱਚਐੱਚਐੱਚਐੱਨ ਨਿਯਮ-2026 ਅਨੁਸਾਰ ਨਰਸਰੀ ਪ੍ਰਬੰਧਨ’ ਪ੍ਰੋਗਰਾਮ (ਮਿਆਦ: 5 ਦਿਨ, ਸੀਟਾਂ: 20) ਲਈ 16 ਨਵੰਬਰ, 2026 ਨੂੰ ਸਵੇਰੇ 10:00 ਵਜੇ ਤੋਂ 29 ਨਵੰਬਰ, 2026 ਨੂੰ ਸ਼ਾਮ 5:00 ਵਜੇ ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।

ਬੁਲਾਰੇ ਨੇ ਇਹ ਵੀ ਦੱਸਿਆ ਕਿ ਸਿਖਿਆਰਥੀ ਆਪਣੇ ਸਬੰਧਤ ਜ਼ਿਲ੍ਹਾ ਬਾਗਬਾਨੀ ਅਧਿਕਾਰੀ, ਬਾਗਬਾਨੀ ਵਿਕਾਸ ਅਧਿਕਾਰੀ ਜਾਂ ਉਦਿਆਨ ਸਿਖਲਾਈ ਸੰਸਥਾਨ, ਉਚਾਨੀ, ਕਰਨਾਲ ਵਿਖੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਾਂ ਜਾਣਕਾਰੀ ਲਈ ਮੋਬਾਈਲ ਨੰਬਰ 8570077877 ਅਤੇ ਟੋਲ-ਫ੍ਰੀ ਨੰਬਰ 18001802021 ’ਤੇ ਸੰਪਰਕ ਕੀਤਾ ਜਾ ਸਕਦਾ ਹੈ।