ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਕਤੂਬਰ, 2026:- ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰਾਂ ਵਿੱਚ ਸਾਫ਼-ਸਫ਼ਾਈ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਸਮੂਹ ਕਾਰਜ ਸਾਧਕ ਅਫ਼ਸਰਾਂ, ਚੀਫ਼ ਸੈਨੇਟਰੀ ਇੰਸਪੈਕਟਰਾਂ ਅਤੇ ਸੈਨੇਟਰੀ ਇੰਸਪੈਕਟਰਾਂ ਨਾਲ ਮੀਟਿੰਗ ਕਰਕੇ ਸਫ਼ਾਈ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ।

ਮੀਟਿੰਗ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ 10 ਨਵੰਬਰ, 2026 ਤੱਕ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਉਣ ਅਤੇ ਸ਼ਹਿਰਾਂ ਦੇ ਸਾਰੇ ਵਾਰਡਾਂ, ਬਾਜ਼ਾਰਾਂ ਤੇ ਧਾਰਮਿਕ ਸਥਾਨਾਂ ਵਿੱਚ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਲੋਕਾਂ ਦੀ ਆਵਾਜਾਈ ਵਧਣ ਦੇ ਮੱਦੇਨਜ਼ਰ ਸ਼ਹਿਰਾਂ ਦੀਆਂ ਮੁੱਖ ਸੜਕਾਂ, ਬਾਜ਼ਾਰਾਂ, ਜਨਤਕ ਥਾਵਾਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਦੀ ਨਿਯਮਤ ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੂੜੇ ਦੀ ਸਮੇਂ ਸਿਰ ਚੁਕਾਈ ਅਤੇ ਢੁੱਕਵੇਂ ਨਿਪਟਾਰੇ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਕਿਸੇ ਵੀ ਥਾਂ ’ਤੇ ਕੂੜੇ ਦੇ ਢੇਰ ਨਾ ਲੱਗਣ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਬਾਜ਼ਾਰਾਂ ਅਤੇ ਮੁੱਖ ਸੜਕਾਂ ’ਤੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇ ਅਤੇ ਲੋੜ ਅਨੁਸਾਰ ਸਫ਼ਾਈ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇ। ਜਿੱਥੇ ਸੰਭਵ ਹੋਵੇ, ਰਾਤ 11 ਵਜੇ ਤੋਂ ਬਾਅਦ ਜਾਂ ਸਵੇਰੇ 5 ਵਜੇ ਤੋਂ ਪਹਿਲਾਂ ਸਫ਼ਾਈ ਕਰਵਾਈ ਜਾਵੇ, ਤਾਂ ਜੋ ਆਵਾਜਾਈ ਅਤੇ ਲੋਕਾਂ ਦੇ ਰੋਜ਼ਾਨਾ ਕੰਮਕਾਜ ਵਿੱਚ ਵਿਘਨ ਨਾ ਪਵੇ।

ਵਧੀਕ ਡਿਪਟੀ ਕਮਿਸ਼ਨਰ ਨੇ ਨਾਲੀਆਂ ਅਤੇ ਜਲ ਨਿਕਾਸੀ ਪ੍ਰਣਾਲੀ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ ਪਾਣੀ ਦੀ ਨਿਕਾਸੀ ਸੁਚਾਰੂ ਬਣਾਈ ਰੱਖੀ ਜਾਵੇ। ਇਸ ਦੇ ਨਾਲ ਹੀ ਸਫ਼ਾਈ ਪ੍ਰਬੰਧਾਂ ਦੀ ਨਿਯਮਤ ਨਿਗਰਾਨੀ ਕੀਤੀ ਜਾਵੇ ਅਤੇ ਲੋਕਾਂ ਵੱਲੋਂ ਸਫ਼ਾਈ ਸਬੰਧੀ ਪ੍ਰਾਪਤ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।

ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਵਾਨਿਤ ਪਟਾਕਿਆਂ ਦੀਆਂ ਦੁਕਾਨਾਂ ਅਤੇ ਵਿਕਰੀ ਸਥਾਨਾਂ ਦੇ ਨੇੜੇ ਅੱਗ ਤੋਂ ਬਚਾਅ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ। ਇਨ੍ਹਾਂ ਥਾਵਾਂ ’ਤੇ ਫਾਇਰ ਬ੍ਰਿਗੇਡ ਦੀ ਸਹੂਲਤ, ਰੇਤ, ਪਾਣੀ ਅਤੇ ਹੋਰ ਲੋੜੀਂਦੇ ਸੁਰੱਖਿਆ ਸਾਧਨ ਉਪਲਬਧ ਰੱਖੇ ਜਾਣ ਅਤੇ ਸਬੰਧਤ ਵਿਭਾਗਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ।

ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ, ਤਾਂ ਜੋ ਤਿਉਹਾਰਾਂ ਦੌਰਾਨ ਸ਼ਹਿਰਾਂ ਵਿੱਚ ਸਫ਼ਾਈ ਦੇ ਸੁਚੱਜੇ ਪ੍ਰਬੰਧਾਂ ਦੇ ਨਾਲ-ਨਾਲ ਲੋਕਾਂ ਨੂੰ ਸਾਫ਼-ਸੁਥਰਾ, ਸਿਹਤਮੰਦ ਅਤੇ ਸੁਖਾਵਾਂ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।