ਅੰਬਾਲਾ, 2 ਜੂਨ:- ਸੂਰਜਮੁਖੀ ਦੀ ਨਿਯਮਾਂ ਅਨੁਸਾਰ ਖ਼ਰੀਦ ਨਾ ਹੋਣ ਤੋਂ ਗੁੱਸੇ ਵਿਚ ਆਏ ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਨਾਲ ਸਬੰਧਿਤ ਕਿਸਾਨਾਂ ਨੇ ਮੰਗਲਵਾਰ ਨੂੰ ਅੰਬਾਲਾ ਕੈਂਟ ਦੀ ਮੌਹੜਾ ਸਥਿਤ ਅਨਾਜ ਮੰਡੀ ਦੇ ਸਾਹਮਣੇ ਮੰਗਲਵਾਰ ਨੂੰ ਅੰਬਾਲਾ-ਦਿੱਲੀ ਕੌਮੀ ਮਾਰਗ ਜਾਮ ਕਰ ਦਿੱਤਾ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਚਾਨਕ ਜਾਮ ਲੱਗਣ ਕਰਕੇ ਅੰਬਾਲਾ ਵੱਲੋਂ ਜਾਣ ਸੈਂਕੜੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਜਿਸ ਕਾਰਨ ਤੇਜ਼ ਗਰਮੀ ਵਿੱਚ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕਿਸਾਨ ਆਗੂ ਜੈ ਸਿੰਘ ਜਲਬੇੜਾ ਨੇ ਕਿਹਾ ਕਿ ਉਨ੍ਹਾਂ ਦੀ ਹੱਕ-ਸੱਚ ਦੀ ਲੜਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਡੀ ਵਿੱਚ ਸੂਰਜਮੁਖੀ ਦੀ ਖ਼ਰੀਦ ਨਿਯਮਾਂ ਅਨੁਸਾਰ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਬੋਰੀਆਂ ਦੀ ਘਾਟ ਕਾਰਨ ਉਨ੍ਹਾਂ ਨੇ ਸੋਮਵਾਰ ਨੂੰ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਸੀ ਪਰ ਜਦੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਉਨ੍ਹਾਂ ਨੂੰ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਕੱਲ੍ਹ ਸਕੱਤਰ ਨੂੰ ਕਿਹਾ ਸੀ ਕਿ ਜੇ ਬਾਰਦਾਨਾ ਨਾ ਆਇਆ ਤਾਂ ਸੜਕ ਜਾਮ ਕਰਾਂਗੇ। ਜੈ ਸਿੰਘ ਜਲਬੇੜਾ ਨੇ ਕਿਹਾ ਕਿ ਅਜਿਹੇ ਅਧਿਕਾਰੀਆਂ ਨੂੰ ਮੁਅੱਤਲ ਕਰ ਦੇਣਾ ਚਾਹੀਦਾ ਹੈ।
ਹਾਈਵੇਅ ਤੇ ਜਾਮ ਲੱਗਣ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਹ ਭਾਰੀ ਪੁਲੀਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਮਨਾਉਣਾ ਅਤੇ ਨਾਕਾਬੰਦੀ ਹਟਾਉਣਾ ਜਾਰੀ ਰੱਖਿਆ ਪਰ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਰਹੇ। ਕਿਸਾਨ ਆਗੂ ਗੁਰਮੀਤ ਸਿੰਘ ਮਾਜਰੀ ਦਾ ਕਹਿਣਾ ਸੀ ਕਿ ਇਹ ਅੰਦੋਲਨ ਅਤੇ ਜਾਮ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸੂਰਜਮੁਖੀ ਦੀ ਖ਼ਰੀਦ ਮੰਡੀ ਵਿੱਚ ਸੁਚਾਰੂ ਅਤੇ ਨਿਯਮਾਂ ਅਨੁਸਾਰ ਸ਼ੁਰੂ ਨਹੀਂ ਹੋ ਜਾਂਦੀ ਅਤੇ ਬਾਰਦਾਨੇ ਦੀ ਸਮੱਸਿਆ ਦਾ ਸਥਾਈ ਹੱਲ ਨਹੀਂ ਲੱਭਿਆ ਜਾਂਦਾ।
ਸੰਪਰਕ ਕਰਨ ਤੇ ਕਿਸਾਨ ਆਗੂ ਮਨਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਸਾਡੀ ਮੰਗ ਮੰਨ ਲਈ ਹੈ ਅਤੇ ਖ਼ਰੀਦ ਸ਼ੁਰੂ ਹੋ ਗਈ ਹੈ। ਨਤੀਜੇ ਵਜੋਂ ਸ਼ਾਮ ਸਾਢੇ 4 ਵਜੇ ਦੇ ਕਰੀਬ ਆਵਾਜਾਈ ਚਾਲੂ ਹੋ ਗਈ ਹੈ।
ਨਿਯਮਾਂ ਅਨੁਸਾਰ ਸੂਰਜਮੁਖੀ ਦੀ ਖ਼ਰੀਦ ਨਾ ਹੋਣ ਤੋਂ ਭੜਕੇ ਕਿਸਾਨ ਮੌਹੜਾ ਮੰਡੀ ਸਾਹਮਣੇ ਜੀਟੀ ਰੋਡ ਕੀਤੀ ਜਾਮ ਪ੍ਰਸ਼ਾਸਨ ਨੇ ਮੰਨੀ ਮੰਗ
