ਚੰਡੀਗੜ੍ਹ, 25 ਅਗਸਤ - ਹਰਿਆਣਾ ਸਰਕਾਰ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਇੱਕ ਐਕਸੀਅਨ ਨੂੰ ਵਿਭਾਗੀ ਜਾਂਚ ਵਿੱਚ ਸਾਹਮਣੇ ਆਏ ਗੰਭੀਰ ਮਾਮਲਿਆਂ ਦੇ ਆਧਾਰ 'ਤੇ ਤੁਰੰਤ ਪ੍ਰਭਾਵ ਨਾਲ ਲਾਜ਼ਮੀ ਸੇਵਾਮੁਕਤੀ ਦੇਣ ਦਾ ਫ਼ੈਸਲਾ ਕੀਤਾ ਹੈ। ਹੁਕਮਾਂ ਅਨੁਸਾਰ, ਐਕਸੀਅਨ ਦੇ ਖ਼ਿਲਾਫ਼ ਨਿਯਮ-7 ਤਹਿਤ ਕੁੱਲ 5 ਚਾਰਜਸ਼ੀਟਾਂ ਜਾਰੀ ਕੀਤੀਆਂ ਗਈਆਂ ਸਨ। 
ਇਸ ਸੰਬੰਧ ਵਿੱਚ ਜਾਂਚ ਅਧਿਕਾਰੀ ਨੇ ਆਦਤਨ ਗੈਰਹਾਜ਼ਰ ਰਹਿਣ, ਲੋਕ ਸ਼ਿਕਾਇਤਾਂ ਦੀ ਅਣਦੇਖੀ, ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਅਤੇ ਸਰਕਾਰੀ ਜ਼ਿੰਮੇਵਾਰੀਆਂ ਦੇ ਨਿਭਾਉਣ ਵਿੱਚ ਲਾਪਰਵਾਹੀ ਸਮੇਤ ਸਾਰੇ ਦੋਸ਼ਾਂ ਤਹਿਤ ਜਾਂਚ ਕੀਤੀ ਸੀ। ਹੁਕਮਾਂ ਵਿੱਚ ਸੀ.ਐੱਮ. ਵਿੰਡੋ ਦੀਆਂ ਸ਼ਿਕਾਇਤਾਂ 'ਤੇ ਲੋੜੀਂਦੀ ਕਾਰਵਾਈ ਨਾ ਕਰਨ ਅਤੇ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਵਿੱਚ ਕਮੀ ਦਾ ਵੀ ਜ਼ਿਕਰ ਹੈ।
ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਲੋਕ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਅਤੇ ਸਰਕਾਰੀ ਜ਼ਿੰਮੇਵਾਰੀਆਂ ਦਾ ਜ਼ਿੰਮੇਵਾਰੀ ਨਾਲ ਨਿਭਾਉਣ ਅਧਿਕਾਰੀਆਂ ਦੀ ਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਰਵਾਈ ਵਿਭਾਗੀ ਜਾਂਚ, ਉਪਲਬਧ ਰਿਕਾਰਡ ਅਤੇ ਨਿਰਧਾਰਿਤ ਸੇਵਾ ਨਿਯਮਾਂ ਅਨੁਸਾਰ ਕੀਤੀ ਗਈ ਹੈ। ਸਰਕਾਰ ਸਰਕਾਰੀ ਵਿਵਸਥਾ ਵਿੱਚ ਜਵਾਬਦੇਹੀ ਅਤੇ ਜਨਸੇਵਾ ਨੂੰ ਸਰਵਉੱਚ ਤਰਜੀਹ ਦਿੰਦੀ ਹੈ।