ਹੁਸ਼ਿਆਰਪੁਰ/ਗੜ੍ਹਸ਼ੰਕਰ, 28 ਮਈ: ਵਿੱਤ ਕਮਿਸ਼ਨਰ (ਆਬਕਾਰੀ ਵਿਭਾਗ), ਪੰਜਾਬ ਦੇ ਹੁਕਮਾਂ ਅਨੁਸਾਰ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਮੈਰਿਜ ਪੈਲੇਸਾਂ/ਬੈਂਕੁਇਟ ਹਾਲਾਂ/ਹਾਰਡ ਬਾਰਾਂ ਦੇ ਲਾਇਸੰਸੀਆਂ ਨਾਲ ਆਬਕਾਰੀ ਅਫ਼ਸਰ ਹੁਸ਼ਿਆਰਪੁਰ-1 ਨਵਜੋਤ ਭਾਰਤੀ ਅਤੇ ਆਬਕਾਰੀ ਅਫਸਰ ਹੁਸ਼ਿਆਰਪੁਰ-2  ਪ੍ਰੀਤ ਭੁਪਿੰਦਰ ਸਿੰਘ ਵੱਲੋਂ ਮੀਟਿੰਗ ਕੀਤੀ ਗਈ। 
ਇਸ ਦੌਰਾਨ ਲਾਇਸੰਸੀਆਂ ਨੂੰ ਹਦਾਇਤ ਕੀਤੀ ਗਈ ਕਿ ਮੈਰਿਜ ਪੈਲੇਸਾਂ/ਬੈਂਕੁਇਟ ਹਾਲਾਂ/ਹਾਰਡ ਬਾਰਾਂ ਵਿਚ ਜੋ ਵੀ ਪਾਰਟੀਆਂ ਹੁੰਦੀਆਂ ਹਨ, ਉਨ੍ਹਾਂ ਵਿਚ ਵਰਤੀਆਂ ਜਾਣ ਵਾਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਦੀ ਦੁਰਵਰਤੋਂ ਦੇ ਕੇਸ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਸਾਹਮਣੇ ਆਏ ਹਨ। 
ਕੁਝ ਕੇਸਾਂ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਇਨ੍ਹਾਂ ਖਾਲੀ ਬੋਤਲਾਂ ਨੂੰ 'ਰੀਫਿਲ' ਕਰਕੇ ਦੁਬਾਰਾ ਵੇਚਿਆ ਜਾ ਰਿਹਾ ਹੈ। ਇਸ ਨੂੰ ਕੰਟਰੋਲ ਕਰਨ ਲਈ ਆਬਕਾਰੀ ਪਾਲਿਸੀ 2025-26 ਵਿਚ ਦਰਜ ਰੂਲਾਂ ਤੋਂ ਲਾਇਸੰਸੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਕਿਹਾ ਗਿਆ ਤਾਂ ਜੋ ਖਾਲੀ ਬੋਤਲਾਂ ਵਿਚ ਭਰ ਕੇ ਵੇਚੀ ਜਾਣ ਵਾਲੀ ਨਕਲੀ ਸ਼ਰਾਬ ਦੀ ਵਿਕਰੀ ਨੂੰ ਰੋਕਿਆ ਜਾ ਸਕੇ। 
ਇਸ ਨੂੰ ਰੋਕਣ ਲਈ ਲਾਇਸੰਸੀਆਂ ਨੂੰ ਆਬਕਾਰੀ ਵਿਭਾਗ ਦੇ ਭਰਪੂਰ ਸਾਥ ਦੇਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਲਾਇਸੰਸੀਆਂ ਨੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦਾ ਯਕੀਨ ਦਿਵਾਇਆ।