ਐਸ. ਏ. ਐਸ. ਨਗਰ, 5 ਸਤੰਬਰ- ਸਰਕਾਰੀ ਪ੍ਰੈਸ, ਮੁਹਾਲੀ ਅਤੇ ਸਰਕਾਰੀ ਪ੍ਰੈਸ, ਪਟਿਆਲਾ ਦੇ ਮੁੱਖ ਦਫਤਰ ਦੇ ਕਰਮਚਾਰੀਆਂ ਵੱਲੋਂ ਸਰਕਾਰੀ ਪ੍ਰੈਸ ਦੀਆਂ ਜਮੀਨਾਂ ਪੁਡਾ/ਗਮਾਡਾ ਨੂੰ ਸੌਂਪਣ ਸਬੰਧੀ ਲਈ ਹੋ ਰਹੀ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਦਿਆਂ ਅੱਜ ਸਰਕਾਰੀ ਪ੍ਰੈਸ, ਮੁਹਾਲੀ ਦੇ ਮੁੱਖ ਦਫਤਰ ਵਿਖੇ ਰੋਸ ਰੈਲੀ ਕੀਤੀ ਗਈ ਅਤੇ ਸਰਕਾਰ ਦੀ ਕਾਰਵਾਈ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪ੍ਰਿੰਟਿੰਗ ਐਂਡ ਸਟੇਸ਼ਨਰੀ ਐਸੋਸੀਏਸ਼ਨ, ਮੁਹਾਲੀ ਦੇ ਪ੍ਰਧਾਨ ਹਰੀ ਭੂਸ਼ਣ ਨੇ ਦੱਸਿਆ ਕਿ ਸਰਕਾਰ ਇਮਾਰਤ ਨੂੰ ਵੇਚ ਕੇ ਸੈਂਕੜੇ ਮੁਲਾਜ਼ਮਾਂ ਨੂੰ ਬੇਰੋਜ਼ਗਾਰ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਰੀ-ਸਟਰਕਚਰਿੰਗ ਦੇ ਹੋਣ ਉਪਰੰਤ ਹੁਣ ਤੱਕ ਰੂਲ ਪ੍ਰਵਾਨ ਕਰਨ ਸਬੰਧੀ ਮਿਸਲ ਵੀ ਸਰਕਾਰ ਕੋਲ ਲੰਬੇ ਸਮੇਂ ਤੋਂ ਪੈਂਡਿੰਗ ਪਈ ਹੈ, ਜਿਸ ਨੂੰ ਹੁਣ ਤੱਕ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਵਿਭਾਗ ਵਿੱਚ ਹੋਣ ਵਾਲੀਆਂ ਤਰੱਕੀਆਂ ਅਤੇ ਖਾਲੀ ਪਈਆਂ ਅਸਾਮੀਆਂ ਦੀ ਸਿੱਧੇ ਤੌਰ ’ਤੇ ਭਰਤੀ ਨਹੀਂ ਕੀਤੀ ਜਾ ਰਹੀ।
ਮੁਲਾਜ਼ਮਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਲੋਕ ਭਲਾਈ ਸਬੰਧੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਰਕਾਰੀ ਪ੍ਰੈਸ, ਪਟਿਆਲਾ ਅਤੇ ਸਰਕਾਰੀ ਪ੍ਰੈਸ, ਮੁਹਾਲੀ ਨੂੰ ਉਨ੍ਹਾਂ ਪਾਸ ਉਪਲਬਧ ਜਮੀਨਾਂ ਵਿੱਚੋਂ ਕੁਝ ਹਿੱਸੇ ’ਤੇ ਨਵੀਆਂ ਇਮਾਰਤਾਂ ਦੀ ਉਸਾਰੀ ਕਰੇ ਅਤੇ ਸਰਕਾਰੀ ਪ੍ਰੈਸਾਂ ਵਿੱਚ ਨਵੀਂ ਆਧੁਨਿਕ ਮਸ਼ੀਨਰੀ ਲਗਾਏ, ਤਾਂ ਜੋ ਮੁਲਾਜ਼ਮਾਂ ਅਤੇ ਦਫਤਰ ਦਾ ਭਵਿੱਖ ਸੁਰੱਖਿਅਤ ਹੋ ਸਕੇ। ਮੁਲਾਜ਼ਮਾਂ ਨੇ ਕਿਹਾ ਕਿ ਅਜਿਹਾ ਨਾ ਹੋਣ ’ਤੇ ਮੁਲਾਜ਼ਮ ਆਪਣੇ ਹੱਕਾਂ ਲਈ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
 ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਧਰਮਿੰਦਰ ਕੁਮਾਰ, ਜਨਰਲ ਸਕੱਤਰ ਰਵਨੀਤ ਸਿੰਘ, ਪ੍ਰੈਸ ਸਕੱਤਰ ਪ੍ਰਿਥੀ ਸਿੰਘ, ਪਟਿਆਲਾ ਪ੍ਰੈਸ ਦੇ ਪ੍ਰਧਾਨ ਹਰਦੀਪ ਸਿੰਘ, ਮੀਤ ਪ੍ਰਧਾਨ ਜਸਪ੍ਰੀਤ ਸਿੰਘ, ਜਨਰਲ ਸਕੱਤਰ ਦਲਜੀਤ ਸਿੰਘ ਅਤੇ ਰਮਨਦੀਪ ਕੌਰ, ਪਵਨ ਕੁਮਾਰ, ਚੇਤਨ ਸ਼ਰਮਾ, ਜਸਵਿੰਦਰ ਸਿੰਘ, ਪੰਕਜ, ਰੁਪਿੰਦਰ, ਹੁਸਨ ਲਾਲ ਅਤੇ ਸਮੂਹ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਸੁਖਚੈਨ ਸਿੰਘ ਖਹਿਰਾ, ਮਨਦੀਪ ਸੰਧੂ ਅਤੇ ਮਨਿਸਟਰੀਅਲ ਅਤੇ ਟੈਕਨੀਕਲ ਵਰਕਰ ਯੂਨੀਅਨ, ਛਪਾਈ ਅਤੇ ਲਿਖਣ ਸਮੱਗਰੀ ਵਿਭਾਗ, ਪੰਜਾਬ ਦੇ ਕਰਮਚਾਰੀ ਮੌਜੂਦ ਸਨ।